ਤਰਨਤਾਰਨ: ਸਮਾਜ ਸੇਵੀ ਅਤੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਆਉਣ ਵਾਲੀ ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਸਮੇਤ ਕਿਸੇ ਵੀ ਚੋਣ ’ਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਇਹ ਐਲਾਨ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ (KMO) ਵੱਲੋਂ ਇੱਕ ਅਹਿਮ ਇਕੱਤਰਤਾ ਤੋਂ ਬਾਅਦ ਕੀਤਾ ਗਿਆ।
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਕਿਹਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੇ ਖਡੂਰ ਸਾਹਿਬ ਲੋਕ ਸਭਾ ਚੋਣ 2019 ’ਚ ਪੰਜਾਬ ਦੇ ਭਲੇ ਅਤੇ ਦੁਸ਼ਟਾਂ-ਪਾਪੀਆਂ ਨੂੰ ਬੇਨਕਾਬ ਕਰਨ ਲਈ ਲੜੀ ਸੀ। ਇਸ ਦੌਰਾਨ ਸਿੱਖ ਪੰਥ ਨੇ ਉਨ੍ਹਾਂ ਨੂੰ ਬੇਮਿਸਾਲ ਸਹਿਯੋਗ ਦਿੱਤਾ। ਜਥੇਬੰਦੀ ਨੇ ਸਪੱਸ਼ਟ ਕੀਤਾ ਕਿ ਚੋਣਾਂ ਲੜਨਾ ਉਨ੍ਹਾਂ ਦਾ ਪੇਸ਼ਾ ਨਹੀਂ, ਸਗੋਂ ਵਿਸ਼ੇਸ਼ ਹਾਲਾਤਾਂ ’ਚ ਉਨ੍ਹਾਂ ਨੇ ਇਹ ਫੈਸਲਾ ਲਿਆ ਸੀ।
ਪੰਜਾਬ ਅਤੇ ਪੰਥ ਪ੍ਰਤੀ ਸਮਰਪਣ
KMO ਨੇ ਸਮੂਹ ਪੰਥ ਅਤੇ ਪੰਜਾਬ ਵਾਸੀਆਂ ਦਾ ਅੱਜ ਤੱਕ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਜਥੇਬੰਦੀ ਨੇ ਕਿਹਾ ਕਿ ਉਹ ਜ਼ਬਰ ਅਤੇ ਜ਼ੁਲਮ ਵਿਰੁੱਧ ਆਪਣਾ ਨਿਮਾਣਾ ਯੋਗਦਾਨ ਜਾਰੀ ਰੱਖਣਗੇ। ਬੀਬੀ ਪਰਮਜੀਤ ਕੌਰ ਖਾਲੜਾ ਮਨੁੱਖੀ ਅਧਿਕਾਰਾਂ ਅਤੇ ਸਿੱਖ ਪੰਥ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਸਮਾਜਿਕ ਸੇਵਾ ’ਚ ਸਰਗਰਮ ਰਹਿਣਗੇ।
ਹਾਲ ਹੀ ’ਚ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਤਰਨਤਾਰਨ ਤੋਂ ਉਮੀਦਵਾਰ ਬਣਾਉਣ ਦੀ ਗੱਲ ਕਹੀ ਸੀ। ਹਾਲਾਂਕਿ, KMO ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬੀਬੀ ਪਰਮਜੀਤ ਕੌਰ ਕਿਸੇ ਵੀ ਚੋਣ ’ਚ ਹਿੱਸਾ ਨਹੀਂ ਲੈਣਗੀਆਂ।