ਦਿਲਜੀਤ ਦੋਸਾਂਝ ਦੇ ਹੱਕ ’ਚ ਖੜ੍ਹੇ ਸਿਮਸਨਜੀਤ ਸਿੰਘ ਮਾਨ ਅਤੇ MP ਵਿਕਰਮਜੀਤ ਸਾਹਨੀ

Global Team
4 Min Read

ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ‘ਸਰਦਾਰ ਜੀ 3’ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ। ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੀ ਕਾਸਟਿੰਗ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ। ਦਿਲਜੀਤ ਅਤੇ ਫਿਲਮ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਜਾਬੀ ਅਦਾਕਾਰ ਦਿਲਜੀਤ ਸਿੰਘ ਦੋਸਾਂਝ ਦੀ ਨਵੀਂ ਆ ਰਹੀ ਫ਼ਿਲਮ ‘ਸਰਦਾਰ ਜੀ 3’ ਉੱਤੇ ਲਾਈ ਗਈ ਰੋਕ ਦੀ ਸਖ਼ਤ ਨਿੰਦਾ ਕੀਤੀ ਹੈ। ਇਹ ਰੋਕ ਸਿਰਫ਼ ਇਸ ਕਰ ਕੇ ਲਾਈ ਗਈ ਹੈ ਕਿ ਇਸ ਫ਼ਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੇ ਕੰਮ ਕੀਤਾ ਹੈ।

ਮਾਨ ਨੇ ਕਿਹਾ, “ਫ਼ਿਲਮਾਂ ਕਲਾ ਤੇ ਕਾਰੋਬਾਰ ਦਾ ਹਿੱਸਾ ਹੁੰਦੀਆਂ ਹਨ, ਅਦਾਕਾਰਾ ਦਾ ਰੋਲ ਡਾਇਰੈਕਟਰ ਵੱਲੋਂ ਤਹਿ ਕੀਤਾ ਜਾਂਦਾ ਹੈ।  ਇਹਨਾਂ ਨੂੰ ਧਾਰਮਿਕ ਜਾਂ ਰਾਜਨੀਤਿਕ ਜਾਂ ਛੋਟੀ ਸੋਚ ਨਾਲ ਨਾ ਜੋੜਿਆ ਜਾਵੇ। ਅਦਾਕਾਰ ਆਪਣੀ ਭੂਮਿਕਾ ਨਿਭਾਉਂਦੇ ਹਨ, ਉਹ ਕੋਈ ਰਾਜਨੀਤਿਕ ਜਾਂ ਧਾਰਮਿਕ ਏਜੰਡਾ ਨਹੀਂ ਲੈ ਕੇ ਆਉਂਦੇ। ਦਿਲਜੀਤ ਸਿੰਘ ਦੋਸਾਂਝ ਇੱਕ ਅਜਿਹਾ ਕਲਾਕਾਰ ਹੈ ਜੋ ਸਿੱਖੀ, ਪੰਜਾਬੀਅਤ ਅਤੇ ਗੁਰਮੁਖੀ ਲਿਪੀ ਦੀ ਸੱਭਿਆਚਾਰਕ ਪਛਾਣ ਨੂੰ ਗੌਰਵ ਨਾਲ ਪੇਸ਼ ਕਰਦਾ ਆ ਰਿਹਾ ਹੈ।”ਉਹਨਾਂ ਯਾਦ ਕਰਵਾਇਆ ਕਿ ਦਿਲਜੀਤ ਨੇ 1984 ਦੇ ਸਿੱਖ ਨਸਲਕੁਸ਼ੀ ਦੇ ਦਰਦ ਨੂੰ ਆਪਣੀ ਫ਼ਿਲਮ ਰਾਹੀਂ ਜਗਤ ਅੱਗੇ ਪੇਸ਼ ਕੀਤਾ, ਜਿਵੇਂ ਜਸਵੰਤ ਸਿੰਘ ਖਾਲੜਾ ’ਤੇ ਬਣੀ ‘ਪੰਜਾਬ 95’ ਵਿੱਚ ਵਧੇਰੇ ਕੱਟ ਲਗਾਏ ਗਏ। ਇਨ੍ਹਾਂ ਫ਼ਿਲਮਾਂ ਨੇ ਸਿੱਖ ਕੌਮ ਦੀ ਹਕੀਕਤ ਅਤੇ ਇਤਿਹਾਸ ਨੂੰ ਨਵੀਂ ਪੀੜ੍ਹੀ ਦੇ ਸਾਹਮਣੇ ਲਿਆਂਦਾ ਹੈ ।ਦਿਲਜੀਤ ਸਿੰਘ ਦੋਸਾਂਝ ਨੇ ਹਾਲ ਹੀ ਵਿੱਚ ਮੈੱਟ ਗੈਲਾ ਵਰਗੇ ਦੁਨੀਆਂ ਪੱਧਰੀ ਮੰਚ ’ਤੇ ਸਿੱਖੀ ਦੀ ਰੂਹ ਨੂੰ ਉਭਾਰ ਕੇ ਵਿਖਾਇਆ। ਮਾਨ ਨੇ ਕਿਹਾ, “ਦਿਲਜੀਤ ਨੇ ਮੈੱਟ ਗੈਲਾ ਵਿੱਚ ਪੱਗ, ਕਿਰਪਾਨ, ਗੁਰਮੁਖੀ ਲਿਪੀ ਅਤੇ ਪੰਜਾਬ ਦੇ ਨਕਸ਼ੇ ਨਾਲ ਜਾ ਕੇ ਸਿੱਖੀ ਅਤੇ ਪੰਜਾਬੀ ਪਹਿਚਾਣ ਨੂੰ ਵਿਸ਼ਵ ਭਰ ਵਿੱਚ ਸਨਮਾਨ ਦਿੱਤਾ। ਉਸ ਦੀ ਅੱਖਾਂ ਵਿੱਚ ਖ਼ੁਸ਼ੀ ਦੀ ਥਾਂ ਹੌਸਲਾ ਵੀ ਸੀ ਕਿ ਉਹ ਆਪਣੀ ਸ਼ਖ਼ਸੀਅਤ ਨਹੀਂ, ਸਗੋਂ ਪੰਜਾਬ ਨੂੰ ਪੇਸ਼ ਕਰਨ ਜਾ ਰਿਹਾ ਸੀ।”

ਮਾਨ ਨੇ ਦੋਸ਼ ਲਾਇਆ ਕਿ ਹਿੰਦੂਵਾਦੀ ਸੋਚ ਅਤੇ ਕੇਂਦਰੀ ਸਾਂਝੀ ਘੁੱਟਣ ਵਾਲੀ ਮਨੋਬਿਰਤੀ ਹਮੇਸ਼ਾ ਸਿੱਖੀ, ਗੁਰਮੁਖੀ ਅਤੇ ਪੰਜਾਬੀਅਤ ਦੇ ਪ੍ਰਤੀ ਘਾਤਕ ਸਾਬਤ ਹੋਈ ਹੈ। ਉਹ ਕਹਿੰਦੇ ਹਨ, “ਇਹ ਰੋਕ ਸਿਰਫ਼ ਦਿਲਜੀਤ ਦੀ ਫ਼ਿਲਮ ਉੱਤੇ ਨਹੀਂ ਬਲਕਿ ਸਿੱਖੀ ਦੇ ਪ੍ਰਤੀ – ਪੱਗ, ਗੁਰਮੁਖੀ ਲਿਪੀ ਅਤੇ ਪੰਜਾਬੀ ਕਲਾ – ਉੱਤੇ ਹੈ। ਅਸੀਂ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ।”

ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਇਸ ਫਿਲਮ ਅਤੇ ਦਿਲਜੀਤ ਦੋਸਾਂਝ ਦੀ ਦੇਸ਼ ਭਗਤੀ ‘ਤੇ ਹਮਲਾ ਕਰਨਾ ਬੇਇਨਸਾਫ਼ੀ ਜਾਪਦਾ ਹੈ, ਖਾਸ ਕਰ ਕੇ ਜਦੋਂ ਉਨ੍ਹਾਂ ਨੇ ਸਬੂਤਾਂ ਸਹਿਤ ਸਪੱਸ਼ਟ ਕੀਤਾ ਹੈ ਕਿ ਇਹ ਫਿਲਮ ਦੁਖਦਾਈ ਪਹਿਲਗਾਮ ਘਟਨਾ ਤੋਂ ਬਹੁਤ ਪਹਿਲਾਂ,  ਫ਼ਰਵਰੀ ਵਿੱਚ ਸ਼ੂਟ ਕੀਤੀ ਗਈ ਸੀ, ਜਿਸ ਦੌਰਾਨ ਇੱਕ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਵੀ ਹੋਇਆ ਸੀ। ਉਹਨਾ ਅਪੀਲ ਕੀਤੀ ਕਿ ਸਾਨੂੰ ਕਿਸੇ ਬਾਰੇ ਨਿਰਣਾ ਕਰਦੇ ਸਮੇਂ ਸਮਾਂ-ਸੀਮਾ ਜਾਂ ਤੱਥਾਂ ਨੂੰ ਉਲਝਾਉਣਾ ਨਹੀਂ ਚਾਹੀਦਾ।

ਡਾ. ਸਾਹਨੀ ਨੇ ਦਿਲਜੀਤ ਦੋਸਾਂਝ ਦੀ ਜਨਤਕ ਭਾਵਨਾਵਾਂ ਪ੍ਰਤੀ ਸੰਵੇਦਨਸ਼ੀਲਤਾ ਲਈ ਵੀ ਪ੍ਰਸ਼ੰਸਾ ਕਰਦਿਆਂ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਨਾ ਕਰਨ ਦੇ ਉਨ੍ਹਾਂ ਦੇ ਫੈਸਲੇ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਕੇ ਅਤੇ ਭਾਰਤੀ ਸਿਨੇਮਾਘਰਾਂ ਵਿੱਚ ਫਿਲਮ ਰਿਲੀਜ਼ ਨਾ ਕਰਨ ਦਾ ਫੈਸਲਾ ਕਰ ਕੇ ਦੇਸ਼ ਪ੍ਰਤੀ  ਸ਼ਾਨਦਾਰ ਭਾਵਨਾ ਦਾ  ਪ੍ਰਗਟਾ ਕੀਤਾ ਹੈ।

Share This Article
Leave a Comment