ਜਗਤਾਰ ਸਿੰਘ ਸਿੱਧੂ;
ਕੇਂਦਰ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਐਸ ਵਾਈ ਐਲ ਦੇ ਮੁੱਦੇ ਉਪਰ ਸਹਿਮਤੀ ਬਣਾਉਣ ਲਈ ਗੱਲਬਾਤ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਇਹ ਮੀਟਿੰਗ ਦਸ ਜੁਲਾਈ ਦੇ ਆਸ ਪਾਸ ਹੋਣ ਦੀ ਸੰਭਾਵਨਾ ਹੈ ।ਪੰਜਾਬ ਲਈ ਪਾਣੀਆਂ ਦੀ ਵੰਡ ਦੇ ਮੁੱਦੇ ਨੂੰ ਲੈ ਕੇ ਸਭ ਤੋਂ ਵੱਡੀ ਚੁਣੌਤੀ ਪੰਜਾਬ ਦੇ ਸਾਹਮਣੇ ਖੜ੍ਹੀ ਹੈ। ਸੁਪਰੀਮ ਕੋਰਟ ਦਾ ਕੇਂਦਰ ਨੂੰ ਆਦੇਸ਼ ਹੈ ਕਿ ਪੰਜਾਬ ਅਤੇ ਹਰਿਆਣਾ ਰਾਜਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹਲ਼ ਕੀਤਾ ਜਾਵੇ। ਹੁਣ ਕੇਂਦਰੀ ਜਲ ਸ਼ਕਤੀ ਮੰਤਰਾਲੇ ਵਲੋਂ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਗੱਲਬਾਤ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਮੁੱਦੇ ਉਤੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਇਕ ਪਾਸੜ ਵਤੀਰੇ ਦਾ ਪੰਜਾਬ ਵਲੋਂ ਡਟ ਕੇ ਵਿਰੋਧ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਿੱਜੀ ਤੌਰ ਉਤੇ ਨੰਗਲ ਡੈਮ ਦੇ ਕਈ ਦੌਰੇ ਕੀਤੇ ਅਤੇ ਬੋਰਡ ਵਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੀ ਸਕੀਮ ਨੂੰ ਅਸਫਲ ਬਣਾਇਆ। ਮਾਮਲਾ ਬੇਸ਼ੱਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੱਕ ਪਹੁੰਚਿਆ ਪਰ ਪੰਜਾਬ ਨੇ ਹਰਿਆਣਾ ਨੂੰ ਵਾਧੂ ਪਾਣੀ ਨਹੀਂ ਲੈਣ ਦਿੱਤਾ।
ਹੁਣ ਕੇਂਦਰ ਦੀ ਪਹਿਲ ਕਦਮੀ ਉੱਤੇ ਦੋਹਾਂ ਰਾਜਾਂ ਦੀ ਮੀਟਿੰਗ ਹੋਣ ਜਾ ਰਹੀ ਹੈ। ਸੁਭਾਵਿਕ ਹੈ ਕਿ ਕੇਂਦਰ ਹਰਿਆਣਾ ਦੇ ਪੱਖ ਦੀ ਪੂਰਤੀ ਕਰੇਗਾ ਜਦੋਂ ਕਿ ਪੰਜਾਬ ਲਗਾਤਾਰ ਇਹ ਆਖ ਰਿਹਾ ਹੈ ਕਿ ਪੰਜਾਬ ਕੋਲ ਦੂਜੇ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ ।ਪੰਜਾਬ ਦੇ ਕਈ ਬਲਾਕ ਪਹਿਲਾਂ ਹੀ ਡਾਰਕ ਜੋਨ ਦੇ ਖਤਰਨਾਕ ਘੇਰੇ ਵਿੱਚ ਆ ਗਏ ਹਨ। ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਹੋ ਗਿਆ ਹੈ ਅਤੇ ਕਿਸਾਨਾਂ ਨੂੰ ਧਰਤੀ ਹੇਠਲਾ ਪਾਣੀ ਲੈਣ ਵਿੱਚ ਬਹੁਤ ਮੁਸ਼ਕਲ ਆ ਰਹੀ ਹੈ। ਪੰਜਾਬ ਵਿੱਚ ਪਹਿਲਾਂ ਹੀ ਖੇਤੀ ਲਈ ਨਵਾਂ ਕੁਨੈਕਸ਼ਨ ਦੇਣਾ ਬੰਦ ਕੀਤਾ ਹੋਇਆ ਹੈ। ਇਸ ਸਥਿਤੀ ਵਿੱਚ ਮਾਨ ਸਰਕਾਰ ਨਹਿਰੀ ਸਿਸਟਮ ਨੂੰ ਨਵੇਂ ਸਿਰੇ ਤੋਂ ਮਜ਼ਬੂਤ ਕਰਨ ਲੱਗੀ ਹੋਈ ਹੈ। ਇਸ ਤਰ੍ਹਾਂ ਨਹਿਰੀ ਪਾਣੀ ਉੱਪਰ ਨਿਰਭਰਤਾ ਵਧ ਰਹੀ ਹੈ। ਜੇਕਰ ਦਰਿਆਵਾਂ ਦਾ ਪਾਣੀ ਘੱਟ ਗਿਆ ਤਾਂ ਖੇਤੀ ਪ੍ਰਧਾਨ ਸੂਬਾ ਪੰਜਾਬ ਤਾਂ ਬੰਜਰ ਹੋ ਜਾਵੇਗਾ।
ਪੰਜਾਬ ਲਈ ਪਾਣੀਆਂ ਦਾ ਮੁੱਦਾ ਜੀਵਨ ਰੇਖਾ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਇਸ ਮਾਮਲੇ ਨੂੰ ਲੈ ਕੇ ਕਈ ਲੜਾਈਆਂ ਲੜ ਚੁੱਕਾ ਹੈ। ਪੰਜਾਬ ਵਿਧਾਨ ਸਭਾ ਅੰਦਰ ਕਈ ਮੌਕਿਆਂ ਉੱਤੇ ਪਾਰਟੀ ਪੱਧਰ ਤੋਂ ਉਪਰ ਉੱਠਕੇ ਪਾਣੀਆਂ ਦੇ ਮੁੱਦੇ ਉਤੇ ਏਕੇ ਦਾ ਪ੍ਰਗਟਾਵਾ ਕੀਤਾ ਜਾ ਚੁੱਕਾ ਹੈ। ਪੰਜਾਬ ਦਾ ਸਟੈਂਡ ਹੈ ਕਿ ਪਹਿਲਾਂ ਨਵੇਂ ਸਿਰੇ ਤੋਂ ਦਰਿਆਈ ਪਾਣੀਆਂ ਦਾ ਪਤਾ ਲਾਉਣ ਦੀ ਲੋੜ ਹੈ ਕਿ ਕਿਨ੍ਹਾਂ ਪਾਣੀ ਹੈ ਅਤੇ ਉਸ ਮਗਰੋਂ ਹੀ ਲਿੰਕ ਨਹਿਰ ਦੀ ਉਸਾਰੀ ਕੀਤੀ ਜਾਵੇ। ਹਰਿਆਣਾ ਦੀ ਮੰਗ ਹੈ ਕਿ ਪੰਜਾਬ ਅੰਦਰ ਪੈਦੀ 122 ਕਿਲੋਮੀਟਰ ਲੰਮੀ ਨਹਿਰ ਬਣਾਈ ਜਾਵੇ ਜੋ ਇਸ ਵੇਲੇ ਖਸਤਾ ਹਾਲਤ ਵਿੱਚ ਹੈ।
ਇਸ ਤਰ੍ਹਾਂ ਸੂਬੇ ਦੇ ਮੁੱਖ ਮੰਤਰੀ ਵਜੋਂ ਭਗਵੰਤ ਸਿੰਘ ਮਾਨ ਨੂੰ ਪੰਜਾਬ ਦੇ ਪਾਣੀ ਬਚਾਉਣ ਲਈ ਵੱਡੀ ਚੁਣੌਤੀ ਸਾਹਮਣੇ ਖੜ੍ਹੀ ਹੈ।
ਸੰਪਰਕ 9814002186