ਚੰਡੀਗੜ੍ਹ: ਲੁਧਿਆਣਾ ਪੱਛਮੀ ਸੀਟ ‘ਤੇ ਹੋਈ ਉਪ ਚੋਣ ਵਿੱਚ ਕਾਂਗਰਸ ਪਾਰਟੀ ਦੀ ਹਾਰ ਤੋਂ ਬਾਅਦ, ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਉਮੀਦਵਾਰ ਨੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।ਭਾਰਤ ਭੂਸ਼ਣ ਆਸ਼ੂ ਨੇ ਇਸ ਉਪ ਚੋਣ ਵਿੱਚ ਹਾਰ ਸਵੀਕਾਰ ਕਰ ਲਈ ਹੈ ਅਤੇ ਆਪਣਾ ਅਸਤੀਫਾ ਪਾਰਟੀ ਮੁਖੀ ਨੂੰ ਭੇਜ ਦਿੱਤਾ ਹੈ। ਹੁਣ ਪਾਰਟੀ ਫੈਸਲਾ ਕਰੇਗੀ ਕਿ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕੀਤਾ ਜਾਵੇਗਾ ਜਾਂ ਨਹੀਂ।
ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਹਲਕਾ ਪੱਛਮੀ ਉਪ ਚੋਣ ਵਿੱਚ ਹਾਰ ਕਾਂਗਰਸ ਪਾਰਟੀ ਦੀ ਨਹੀਂ ਸਗੋਂ ਉਨ੍ਹਾਂ ਦੀ ਆਪਣੀ ਹੈ। ਉਹ ਚੋਣ ਹਾਰਨ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਨ ਅਤੇ ਵਰਕਰਾਂ ਨੇ ਇਸ ‘ਤੇ ਸਖ਼ਤ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵਜੋਂ ਇੱਕ ਮਹੱਤਵਪੂਰਨ ਅਹੁਦੇ ‘ਤੇ ਸਨ।ਹਾਰ ਤੋਂ ਬਾਅਦ, ਉਨ੍ਹਾਂ ਨੇ ਜ਼ਿੰਮੇਵਾਰੀ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਪਾਰਟੀ ਮੁਖੀ ਨੂੰ ਭੇਜ ਦਿੱਤਾ ਹੈ।
ਦੱਸ ਦੇਈਏ ਕਿ ਲੁਧਿਆਣਾ ਪੱਛਮੀ ਸੀਟ ‘ਤੇ ਹੋਈ ਉਪ ਚੋਣ ਦਾ ਨਤੀਜਾ ਸੋਮਵਾਰ ਨੂੰ ਐਲਾਨਿਆ ਗਿਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ 10,637 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੂੰ ਕੁੱਲ 35,179 ਵੋਟਾਂ ਮਿਲੀਆਂ। ਅਰੋੜਾ ਨੇ ਇਸ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਦੋ ਵਾਰ ਵਿਧਾਇਕ ਰਹੇ ਭਾਰਤ ਭੂਸ਼ਣ ਆਸ਼ੂ ਨੂੰ ਹਰਾਇਆ। ਆਸ਼ੂ ਨੂੰ 24,542 ਵੋਟਾਂ ਮਿਲੀਆਂ। ਭਾਜਪਾ ਉਮੀਦਵਾਰ ਜੀਵਨ ਗੁਪਤਾ 20 ਹਜ਼ਾਰ 323 ਵੋਟਾਂ ਨਾਲ ਤੀਜੇ ਸਥਾਨ ‘ਤੇ ਰਹੇ।