ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਨੂੰ ਬ੍ਰਿਟੇਨ ਵਿੱਚ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਇਹ ਮੰਗ ਉਦੋਂ ਸਾਹਮਣੇ ਆਈ ਜਦੋਂ ਬ੍ਰਿਟੇਨ ਦੇ ਮੰਤਰੀਆਂ ਨੇ ਗਰੂਮਿੰਗ ਗੈਂਗ ਨਾਲ ਜੁੜੇ ਦੋਸ਼ੀਆਂ ਨੂੰ ਦੇਸ਼ੋਂ-ਨਿਕਾਲੇ ਦੀ ਗੱਲ ਕੀਤੀ। ਜੀਬੀ ਨਿਊਜ਼ ਦੀ ਰਿਪੋਰਟ ਮੁਤਾਬਕ, ਪਾਕਿਸਤਾਨ ਦੇ ਤਿੰਨ ਨਾਗਰਿਕਾਂ ਨੂੰ ਗਰੂਮਿੰਗ ਗੈਂਗ ਅਪਰਾਧਾਂ ਦਾ ਦੋਸ਼ੀ ਠਹਿਰਾਇਆ ਗਿਆ ਹੈ। ਇਨ੍ਹਾਂ ਨਾਗਰਿਕਾਂ ਨੂੰ ਲੈ ਕੇ ਬ੍ਰਿਟੇਨ ਅਤੇ ਪਾਕਿਸਤਾਨ ਵਿਚਾਲੇ ਕੂਟਨੀਤਕ ਗੱਲਬਾਤ ਚੱਲ ਰਹੀ ਹੈ। ਪਾਕਿਸਤਾਨੀ ਏਅਰਲਾਈਨਜ਼ ’ਤੇ ਬ੍ਰਿਟੇਨ ਵਿੱਚ ਪਾਬੰਦੀ ਲੱਗੀ ਹੋਈ ਹੈ। ਦਸੰਬਰ 2021 ਤੋਂ ਬ੍ਰਿਟੇਨ ਨੇ ਪੀਆਈਏ ਸਮੇਤ ਸਾਰੇ ਪਾਕਿਸਤਾਨੀ ਜਹਾਜ਼ਾਂ ਨੂੰ ਏਅਰ ਸੇਫਟੀ ਸੂਚੀ ਵਿੱਚ ਸ਼ਾਮਲ ਕੀਤਾ ਸੀ। ਹੁਣ ਪਾਕਿਸਤਾਨ ਇਸ ਪਾਬੰਦੀ ਨੂੰ ਹਟਾਉਣ ਦੀ ਮੰਗ ਕਰ ਰਿਹਾ ਹੈ।
ਦਰਅਸਲ, ਬ੍ਰਿਟੇਨ ਸਰਕਾਰ ਨੇ ਹਾਲ ਹੀ ਵਿੱਚ ਪਾਕਿਸਤਾਨ ’ਤੇ ਗਰੂਮਿੰਗ ਗੈਂਗ ਨਾਲ ਜੁੜੇ ਤਿੰਨ ਪਾਕਿਸਤਾਨੀਆਂ ਨੂੰ ਦੇਸ਼ ਤੋਂ ਕੱਢਣ ਦਾ ਦਬਾਅ ਪਾਇਆ ਹੈ। ਤਾਜ਼ਾ ਜਾਣਕਾਰੀ ਮੁਤਾਬਕ, ਵਿਦੇਸ਼ ਸਕੱਤਰ ਡੇਵਿਡ ਲੈਮੀ ਅਤੇ ਵਿਦੇਸ਼ ਦਫਤਰ ਦੇ ਮੰਤਰੀ ਹੈਮਿਸ਼ ਫਾਲਕਨਰ ਨੇ ਪਿਛਲੇ ਮਹੀਨੇ ਪਾਕਿਸਤਾਨੀ ਨੁਮਾਇੰਦਿਆਂ ਨਾਲ ਇਸ ਮੁੱਦੇ ’ਤੇ ਮੀਟਿੰਗ ਕੀਤੀ ਸੀ। ਜੀਬੀ ਨਿਊਜ਼ ਦਾ ਕਹਿਣਾ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਗਰੂਮਿੰਗ ਗੈਂਗ ’ਤੇ ਆਉਣ ਵਾਲੀ ਰਿਪੋਰਟ ਤੋਂ ਪਹਿਲਾਂ ਹੀ ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਦੇਸ਼ ਛੱਡਣ ਦੀ ਤਿਆਰੀ ਮੁਕੰਮਲ ਕਰ ਲਈ ਜਾਵੇ।
ਗਰੂਮਿੰਗ ਗੈਂਗ ਮਾਮਲਾ ਕੀ ਹੈ?
ਗਰੂਮਿੰਗ ਗੈਂਗ ਮਾਮਲਾ ਬ੍ਰਿਟੇਨ ਵਿੱਚ ਪਿਛਲੇ ਦੋ ਦਹਾਕਿਆਂ ਦੌਰਾਨ ਸਾਹਮਣੇ ਆਇਆ ਸਭ ਤੋਂ ਗੰਭੀਰ ਅਪਰਾਧ ਹੈ। ਗਰੂਮਿੰਗ ਦਾ ਮਤਲਬ ਹੈ ਕਿਸੇ ਬੱਚੇ ਜਾਂ ਕਿਸ਼ੋਰ ਨੂੰ ਭਾਵਨਾਤਮਕ ਤੌਰ ’ਤੇ ਫਸਾਉਣਾ ਅਤੇ ਫਿਰ ਉਸ ਦਾ ਜਿਨਸੀ ਸ਼ੋਸ਼ਣ ਕਰਨਾ। 2000 ਤੋਂ 2015 ਦਰਮਿਆਨ ਬ੍ਰਿਟੇਨ ਵਿੱਚ ਗਰੂਮਿੰਗ ਗੈਂਗ ਮਾਮਲਿਆਂ ਨੇ ਹਜ਼ਾਰਾਂ ਕੁੜੀਆਂ ਨੂੰ ਪ੍ਰਭਾਵਿਤ ਕੀਤਾ। ਕਈ ਰਿਪੋਰਟਾਂ ਵਿੱਚ ਪੁਸ਼ਟੀ ਹੋਈ ਕਿ ਇਨ੍ਹਾਂ ਗੈਂਗਾਂ ਦੇ ਜ਼ਿਆਦਾਤਰ ਮੈਂਬਰ ਪਾਕਿਸਤਾਨੀ ਮੂਲ ਦੇ ਸਨ, ਜਿਨ੍ਹਾਂ ਨੇ ਬ੍ਰਿਟਿਸ਼ ਕੁੜੀਆਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਵਿੱਚੋਂ ਰੌਦਰਹੈਮ ਸਕੈਂਡਲ ਸਭ ਤੋਂ ਵੱਧ ਚਰਚਿਤ ਰਿਹਾ, ਜਿਸ ਵਿੱਚ 1400 ਤੋਂ ਵੱਧ ਕੁੜੀਆਂ ਦਾ ਸ਼ੋਸ਼ਣ ਹੋਇਆ। ਇਨ੍ਹਾਂ ਕੁੜੀਆਂ ਦੀ ਉਮਰ 11 ਤੋਂ 16 ਸਾਲ ਸੀ। ਇਸ ਮਾਮਲੇ ਦੇ ਕਈ ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਮਿਲੀ ਹੈ। ਹੁਣ ਸਜ਼ਾ ਪੂਰੀ ਕਰ ਚੁੱਕੇ ਵਿਅਕਤੀਆਂ ਨੂੰ ਸਰਕਾਰ ਉਨ੍ਹਾਂ ਦੇ ਮੁਲਕ ਵਾਪਸ ਭੇਜ ਰਹੀ ਹੈ।
ਬ੍ਰਿਟੇਨ ਸਰਕਾਰ ਕਿਉਂ ਪਾ ਰਹੀ ਦਬਾਅ?
ਬ੍ਰਿਟੇਨ ਸਰਕਾਰ ਪਾਕਿਸਤਾਨ ’ਤੇ ਦਬਾਅ ਇਸ ਲਈ ਪਾ ਰਹੀ ਹੈ ਕਿਉਂਕਿ ਕਈ ਵਾਰ ਮੁਲਕਾਂ ਨੇ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਇਸ ਲਈ ਤਿਆਰ ਨਹੀਂ ਹੋ ਰਿਹਾ ਕਿਉਂਕਿ ਜੇ ਇਹ ਤਿੰਨ ਦੋਸ਼ੀ ਦੇਸ਼ ਚੋਂ ਕੱਢੇ ਗਏ ਤਾਂ ਭਵਿੱਖ ਵਿੱਚ ਅਜਿਹੇ ਮਾਮਲੇ ਵਧ ਸਕਦੇ ਹਨ।
‘ਅਸੀਂ ਇਨ੍ਹਾਂ ਨੂੰ ਆਜ਼ਾਦ ਨਹੀਂ ਛੱਡ ਸਕਦੇ’
ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਿਹੜੇ ਵਿਦੇਸ਼ੀ ਨਾਗਰਿਕ ਯੂਕੇ ਵਿੱਚ ਅਪਰਾਧ ਕਰਦੇ ਹਨ, ਉਹ ਸਜ਼ਾ ਪੂਰੀ ਕਰਨ ਤੋਂ ਬਾਅਦ ਬ੍ਰਿਟੇਨ ਦੀਆਂ ਸੜਕਾਂ ’ਤੇ ਆਜ਼ਾਦ ਨਾ ਘੁੰਮਣ। ਇਸੇ ਕਰਕੇ ਉਨ੍ਹਾਂ ਨੂੰ ਦੇਸ਼ ‘ਚੋਂ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਯੂਕੇ ਅਤੇ ਪਾਕਿਸਤਾਨ ਦੋਵੇਂ ਮਿਲ ਕੇ ਇਸ ’ਤੇ ਕੰਮ ਕਰ ਰਹੇ ਹਨ, ਕਿਉਂਕਿ ਦੋਵੇਂ ਮੁਲਕ ਮੰਨਦੇ ਹਨ ਕਿ ਜਿਨ੍ਹਾਂ ਨੂੰ ਰਹਿਣ ਦਾ ਅਧਿਕਾਰ ਨਹੀਂ, ਉਨ੍ਹਾਂ ਨੂੰ ਵਾਪਸ ਭੇਜਣਾ ਜ਼ਰੂਰੀ ਹੈ।