ਕਮਲ ਕੌਰ ਭਾਬੀ ਹੱਤਿਆਕਾਂਡ ‘ਚ ਨਵਾਂ ਖੁਲਾਸਾ,ਅੰਮ੍ਰਿਤਸਰ ਤੋਂ ਜਹਾਜ਼ ਚੜ੍ਹ ਵਿਦੇਸ਼ ਭੱਜਿਆ ਅੰਮ੍ਰਿਤਪਾਲ ਮਹਿਰੋਂ

Global Team
3 Min Read

ਚੰਡੀਗੜ੍ਹ: ਕਮਲ ਕੌਰ ਭਾਬੀ ਦੇ ਕਤਲ ਮਾਮਲੇ ਬਾਰੇ ਵੱਡੇ ਖੁਲਾਸੇ ਹੋ ਰਹੇ ਹਨ।  ਇੰਟਰਨੈੱਟ ਮੀਡੀਆ ‘ਤੇ ਵਿਵਾਦਤ ਅਤੇ ਅਸ਼ਲੀਲ ਵੀਡੀਓ ਅਪਲੋਡ ਕਰਨ ਵਾਲੀ ਲੁਧਿਆਣਾ ਦੇ ਲਕਸ਼ਮਣ ਨਗਰ ਦੀ ਵਾਸੀ ਕੰਚਨ ਕੁਮਾਰੀ, ਜਿਸਨੂੰ ਕਮਲ ਕੌਰ ਭਾਬੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦੀ ਹੱਤਿਆ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ।

ਪੁਲਿਸ ਦੇ ਅਨੁਸਾਰ ਇਹ ਕਤਲ ਸੋਚ ਸਮਝ ਕੇ ਕੀਤਾ ਗਿਆ ਸੀ। ਇਸ ਵਿਚ ਕੁਝ ਹੋਰ ਲੋਕ ਵੀ ਸ਼ਾਮਿਲ ਹਨ। SSP ਨੇ ਕਿਹਾ ਕਿ ਦੋ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ ਅਤੇ ਛੇਤੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਕਤਲ ਮਾਮਲੇ ਦੀ ਜਾਂਚ ਦੌਰਾਨ ਕੁਝ ਪੱਕੇ ਸਬੂਤ ਮਿਲੇ ਹਨ ਜੋ ਕਿ ਮਹਿਰੋਂ ਦੀ ਮੌਜੂਦਗੀ ਦੀ ਪੁਸ਼ਟੀ ਕਰਦੇ ਹਨ। ਪੁਲਿਸ ਨੇ ਕਿਹਾ ਕਿ ਜਲਦੀ ਹੀ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਹਾਲੇ ਤੱਕ ਨਹੀਂ ਆਈ ਹੈ। ਉਸ ਰਾਹੀਂ ਹੀ ਪਤਾ ਲੱਗੇਗਾ ਕਿ ਕਮਲ ਕੌਰ ਭਾਬੀ ਨਾਲ ਬਲਾਤਕਾਰ ਹੋਇਆ ਸੀ ਜਾਂ ਨਹੀਂ। ਇਸ ਮਾਮਲੇ ਵਿੱਚ ਫਿਲਹਾਲ ਤੱਕ 5 ਦੋਸ਼ੀ ਸਾਹਮਣੇ ਆਏ ਹਨ। ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਜਸਪ੍ਰੀਤ ਸਿੰਘ ਤੇ ਨਿਮਰਜੀਤ ਸਿੰਘ ਨੇ ਪੁਲਿਸ ਦੀ ਪੁੱਛਗਿੱਛ ‘ਚ ਇਹ ਕਬੂਲ ਕੀਤਾ ਹੈ ਕਿ ਹੱਤਿਆ ਵਾਲੇ ਦਿਨ ਉਨ੍ਹਾਂ ਦੇ ਨਾਲ ਇਸ ਹੱਤਿਆਕਾਂਡ ਦਾ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਵੀ ਮੌਜੂਦ ਸੀ ਤੇ ਉਸ ਦੇ ਕਹਿਣ ‘ਤੇ ਹੀ ਉਨ੍ਹਾਂ ਕਮਲ ਕੌਰ ਦਾ ਗਲਾ ਘੁੱਟ ਕੇ ਉਸ ਦੀ ਹੱਤਿਆ ਕੀਤੀ।

ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਹੱਤਿਆ ਕਰਨ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਮਹਿਰੋਂ ਆਪਣੀ ਗੱਡੀ ਨਾਲ ਅੰਮ੍ਰਿਤਸਰ ਚਲਾ ਗਿਆ ਤੇ ਉਥੋਂ ਅੰਮ੍ਰਿਤਸਰ ਏਅਰਪੋਰਟ ਤੋਂ ਫਲਾਈਟ ਲੈ ਕੇ ਵਿਦੇਸ਼ ਭੱਜ ਗਿਆ। ਉਨ੍ਹਾਂ ਇਹ ਵੀ ਕਬੂਲ ਕੀਤਾ ਕਿ ਅੰਮ੍ਰਿਤਪਾਲ ਸਿੰਘ ਨੇ ਲਗਪਗ ਤਿੰਨ ਮਹੀਨੇ ਪਹਿਲਾਂ ਹੀ ਕਮਲ ਕੌਰ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ ਅਤੇ ਇਸ ਸਾਜ਼ਿਸ਼ ਤਹਿਤ ਉਸ ਨੇ ਕਮਲ ਕੌਰ ਦੀ ਰੇਕੀ ਕੀਤੀ ਤੇ ਉਸ ਦੀ ਪੂਰੀ ਜਾਣਕਾਰੀ ਹਾਸਿਲ ਕਰ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਇਹ ਵੀ ਕਬੂਲ ਕੀਤਾ ਕਿ ਇਸ ਹੱਤਿਆਕਾਂਡ ‘ਚ ਉਨ੍ਹਾਂ ਦੇ ਇਲਾਵਾ ਦੋ ਹੋਰ ਲੋਕ ਵੀ ਸ਼ਾਮਲ ਸਨ, ਜਿਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਬਠਿੰਡਾ ਤੋਂ ਅੰਮ੍ਰਿਤਸਰ ਲਿਜਾਣ ‘ਚ ਮਦਦ ਕੀਤੀ। ਇਨ੍ਹਾਂ ਸਾਰੇ ਖੁਲਾਸਿਆਂ ਤੋਂ ਬਾਅਦ ਬਠਿੰਡਾ ਪੁਲਿਸ ਨੇ ਮਾਮਲੇ ‘ਚ ਅੰਮ੍ਰਿਤਪਾਲ ਸਿੰਘ ‘ਤੇ ਹੱਤਿਆ ਦੀ ਧਾਰਾ ਵਧਾਉਂਦਿਆਂ ਦੋ ਹੋਰ ਲੋਕਾਂ ਨੂੰ ਵੀ ਮਾਮਲੇ ‘ਚ ਨਾਮਜ਼ਦ ਕੀਤਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।
Share This Article
Leave a Comment