ਚੰਡੀਗੜ੍ਹ: ਪੰਜਾਬ ਦੀ ਸਿਆਸਤ ਅਤੇ ਕਾਂਗਰਸ ਵਿੱਚ ਸਰਗਰਮ ਰਹਿਣ ਦੇ ਸਵਾਲਾਂ ਦਰਮਿਆਨ ਨਵਜੋਤ ਸਿੰਘ ਸਿੱਧੂ ਨੇ ਵੱਡਾ ਬਿਆਨ ਦਿੱਤਾ ਹੈ। ਆਪਣੀ ਸਥਿਤੀ ਸਪੱਸ਼ਟ ਕਰਦਿਆਂ ਸਿੱਧੂ ਨੇ ਕਿਹਾ, “ਮੈਂ ਤਾਂ ਬਦਲਾਅ ਲਿਆਉਣ ਲਈ ਸਿਆਸਤ ਵਿੱਚ ਆਇਆ ਸੀ, ਕੋਈ ਵਪਾਰ ਕਰਨ ਨਹੀਂ।”
ਦਰਅਸਲ, ਨਵਜੋਤ ਸਿੰਘ ਸਿੱਧੂ ਪਾਰਟੀ ਤੋਂ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ, “ਪਿਛਲੇ 30 ਸਾਲਾਂ ਵਿੱਚ ਪੰਜਾਬ ਵਿੱਚ ਜਿੰਨੀਆਂ ਵੀ ਸਰਕਾਰਾਂ ਆਈਆਂ, ਸਭ ਨੂੰ ਮਾਫੀਆ ਚਲਾਉਂਦਾ ਸੀ, ਪਰ ਮੈਂ ਅੱਜ ਵੀ ਆਪਣੇ ਸਿਧਾਂਤਾਂ ’ਤੇ ਕਾਇਮ ਹਾਂ।”
‘ਮੇਰੇ ’ਤੇ ਇਲਜ਼ਾਮ ਲਾਉਂਦੇ ਨੇ ਕਿ ਉੱਚੀ ਆਵਾਜ਼ ਵਿੱਚ ਬੋਲਦਾ ਹਾਂ’
ਸਿੱਧੂ ਨੇ ਅੱਗੇ ਕਿਹਾ, “ਪਿਛਲੇ 15 ਸਾਲਾਂ ਦੀ ਸਿਆਸਤ ਵਿੱਚ ਮੇਰੇ ’ਤੇ ਕੋਈ ਇਲਜ਼ਾਮ ਹੈ, ਤਾਂ ਦੱਸੋ। ਮੈਂ ਆਪਣਾ ਜ਼ਮੀਰ ਅਤੇ ਕਿਰਦਾਰ ਡਿੱਗਣ ਨਹੀਂ ਦਿੱਤਾ। ਪੰਜਾਬ ਵਿੱਚ ਬਦਲਾਅ ਲਈ ਨਾ ਕੋਈ ਨੀਤੀ ਲਿਆਂਦੀ ਗਈ, ਨਾ ਹੀ ਕੋਈ ਪ੍ਰੋਗਰਾਮ ਐਲਾਨਿਆ ਗਿਆ। ਕਈ ਸਾਲਾਂ ਤੋਂ ਕਰਜ਼ਾ ਲੈ ਕੇ ਸਰਕਾਰਾਂ ਪੰਜਾਬ ਚਲਾ ਰਹੀਆਂ ਹਨ। ਉਲਟਾ ਮੇਰੇ ’ਤੇ ਇਲਜ਼ਾਮ ਲਾਉਂਦੇ ਨੇ ਕਿ ਉੱਚੀ ਆਵਾਜ਼ ਵਿੱਚ ਬੋਲਦਾ ਹਾਂ।”
ਇਸ ਤੋਂ ਪਹਿਲਾਂ ਕਾਂਗਰਸ ਨੇ ਲੁਧਿਆਣਾ ਵੈਸਟ ਵਿਧਾਨ ਸਭਾ ਉਪ-ਚੋਣ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ ਪੰਜਾਬ ਕਾਂਗਰਸ ਦੇ ਵੱਡੇ ਚਿਹਰੇ ਸ਼ਾਮਲ ਸਨ, ਪਰ ਨਵਜੋਤ ਸਿੰਘ ਸਿੱਧੂ ਦਾ ਨਾਂ ਨਹੀਂ ਸੀ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਿੱਧੂ ਪਾਰਟੀ ਦੇ ਪ੍ਰੋਗਰਾਮਾਂ ਤੋਂ ਦੂਰ-ਦੂਰ ਰਹਿਣ ਲੱਗੇ ਸਨ।
2017 ‘ਚ ਕਾਂਗਰਸ ’ਚ ਸ਼ਾਮਲ ਹੋਏ ਸਨ
ਨਵਜੋਤ ਸਿੰਘ ਸਿੱਧੂ ਨੇ 2016 ਵਿੱਚ ਭਾਜਪਾ ਤੋਂ ਅਸਤੀਫਾ ਦੇਣ ਤੋਂ ਬਾਅਦ 2017 ਵਿੱਚ ਕਾਂਗਰਸ ਦੀ ਮੈਂਬਰਸ਼ਿਪ ਲਈ ਸੀ। ਪਾਰਟੀ ਨੇ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਦਾ ਪ੍ਰਧਾਨ ਵੀ ਬਣਾਇਆ ਸੀ, ਪਰ ਸਿੱਧੂ ਨੇ ਦੋ ਮਹੀਨਿਆਂ ਬਾਅਦ ਹੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ, ਸਿੱਧੂ ਨੇ ਆਪਣੇ ਅਧਿਕਾਰਤ ਐਕਸ ਅਕਾਉਂਟ ’ਤੇ ਅਜੇ ਵੀ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਤਸਵੀਰ ਲਾਈ ਹੋਈ ਹੈ ਅਤੇ ਕਈ ਮੌਕਿਆਂ ’ਤੇ ਉਨ੍ਹਾਂ ਨਾਲ ਮੁਲਾਕਾਤ ਵੀ ਕੀਤੀ ਹੈ, ਪਰ ਹੁਣ ਤੱਕ ਉਨ੍ਹਾਂ ਦਾ ਰੁਖ ਗੁੰਝਲਦਾਰ ਹੀ ਰਿਹਾ ਹੈ।