ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਆਈ ਤੇਜ਼ੀ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਸਿਹਤ ਵਿਭਾਗ ਦੀ ਤਾਜ਼ਾ ਰਿਪੋਰਟ ਮੁਤਾਬਕ, ਇੱਕ ਹਫਤਾ ਪਹਿਲਾਂ ਸੂਬੇ ਵਿੱਚ ਸਿਰਫ 12 ਐਕਟਿਵ ਕੇਸ ਸਨ, ਪਰ ਹੁਣ ਇਹ ਗਿਣਤੀ ਵੱਧ ਕੇ 35 ਤੋਂ ਵੀ ਜ਼ਿਆਦਾ ਹੋ ਗਈ ਹੈ। ਇਸ ਕਾਰਨ ਸਰਕਾਰ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ।
ਸੂਬੇ ਵਿੱਚ ਸਭ ਤੋਂ ਵੱਧ ਕੇਸ ਲੁਧਿਆਣਾ ਵਿੱਚ ਸਾਹਮਣੇ ਆਏ ਹਨ, ਜਿੱਥੇ 23 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਲੁਧਿਆਣਾ ਵਿੱਚ ਇਹ ਵਾਧਾ ਅਜਿਹੇ ਸਮੇਂ ਹੋਇਆ ਹੈ ਜਦੋਂ ਚੋਣਾਂ ਕਾਰਨ ਸਿਆਸੀ ਗਤੀਵਿਧੀਆਂ, ਭੀੜਭਾੜ ਵਾਲੇ ਚੋਣ ਪ੍ਰਚਾਰ ਅਤੇ ਗਰਮੀ ਦੀਆਂ ਛੁੱਟੀਆਂ ਕਾਰਨ ਸੈਰ-ਸਪਾਟਾ ਸਥਾਨਾਂ ’ਤੇ ਆਵਾਜਾਈ ਵੱਧ ਗਈ ਹੈ।
ਦੋ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਮੌਤ
ਲੁਧਿਆਣਾ ਵਿੱਚ ਦੋ ਕੋਵਿਡ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ ਇੱਕ 69 ਸਾਲ ਦੀ ਔਰਤ ਸੀ, ਜਿਸ ਦਾ ਇਲਾਜ ਪੀਜੀਆਈਐਮਈਆਰ, ਚੰਡੀਗੜ੍ਹ ਵਿੱਚ ਚੱਲ ਰਿਹਾ ਸੀ, ਅਤੇ ਦੂਜਾ 39 ਸਾਲ ਦਾ ਪੁਰਸ਼ ਸੀ, ਜਿਸ ਦੀ ਮੌਤ ਗਵਰਨਮੈਂਟ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32, ਚੰਡੀਗੜ੍ਹ ਵਿੱਚ ਹੋਈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਮ੍ਰਿਤਕਾਂ ਨੂੰ ਪਹਿਲਾਂ ਤੋਂ ਹੀ ਗੰਭੀਰ ਬੀਮਾਰੀਆਂ ਸਨ, ਜਿਸ ਕਾਰਨ ਸੰਕਰਮਣ ਘਾਤਕ ਸਾਬਤ ਹੋਇਆ। ਦੋਵਾਂ ਦੀ ਯਾਤਰਾ ਹਿਸਟਰੀ ਵੀ ਸੀ।
ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ
ਇਨ੍ਹਾਂ ਨੁਕਤਿਆਂ ਵਿੱਚ ਸਮਝੋ ਕੀ ਕਰਨਾ ਚਾਹੀਦਾ ਹੈ:
- ਬਜ਼ੁਰਗਾਂ, ਗਰਭਵਤੀ ਔਰਤਾਂ, ਬੀਮਾਰ ਅਤੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਭੀੜਭਾੜ ਵਾਲੀਆਂ ਅਤੇ ਬਾਜ਼ਾਰੀ ਥਾਵਾਂ ’ਤੇ ਮਾਸਕ ਪਹਿਨਣਾ ਚਾਹੀਦਾ।
- ਸਿਹਤ ਕਰਮਚਾਰੀਆਂ ਨੂੰ ਮਾਸਕ ਪਹਿਨਣ ਅਤੇ ਕੋਵਿਡ-ਉਚਿਤ ਵਿਵਹਾਰ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
- ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ਅਤੇ ਨੱਕ ਨੂੰ ਰੁਮਾਲ ਜਾਂ ਟਿਸ਼ੂ ਨਾਲ ਢੱਕੋ।
- ਜੇਕਰ ਤੁਹਾਨੂੰ ਬੁਖਾਰ, ਖੰਘ ਜਾਂ ਸਾਹ ਲੈਣ ਵਿੱਚ ਮੁਸ਼ਕਲ ਹੋਵੇ, ਤਾਂ ਮਾਸਕ ਪਹਿਨੋ ਅਤੇ ਤੁਰੰਤ ਡਾਕਟਰ ਨੂੰ ਮਿਲੋ।
- ਬਿਨਾਂ ਹੱਥ ਧੋਏ ਚਿਹਰੇ, ਮੂੰਹ ਜਾਂ ਅੱਖਾਂ ਨੂੰ ਨਾ ਛੂਹੋ।
- ਜਨਤਕ ਥਾਵਾਂ ’ਤੇ ਥੁੱਕਣ ਤੋਂ ਬਚੋ।
- ਖੁਦ ਦਵਾਈ ਨਾ ਲਓ, ਖਾਸ ਕਰਕੇ ਸਾਹ ਸਬੰਧੀ ਲੱਛਣਾਂ ਲਈ, ਹਮੇਸ਼ਾ ਡਾਕਟਰੀ ਸਲਾਹ ਲਓ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।