ਰਿਪਬਲਿਕਨ ਅਮਰੀਕੀ ਸੰਸਦ ਮੈਂਬਰ ਮੈਰੀ ਮਿਲਰ ਨੇ ਅਮਰੀਕੀ ਕਾਂਗਰਸ ਵਿੱਚ ਸਵੇਰ ਦੇ ਪ੍ਰਾਰਥਨਾ ਸੈਸ਼ਨ ਦੀ ਅਗਵਾਈ ਕਰ ਰਹੇ ਸਿੱਖ ਨੂੰ ਗਲਤੀ ਨਾਲ “ਮੁਸਲਮਾਨ” ਕਹਿ ਕੇ ਨਸਲੀ ਵਿਤਕਰੇ ਦੀ ਟਿੱਪਣੀ ਕੀਤੀ, ਜਿਸ ਨਾਲ ਉਹ ਵਿਵਾਦਾਂ ਦੇ ਘੇਰੇ ਵਿੱਚ ਆ ਗਈ। ਇਸ ਘਟਨਾ ਨੇ ਧਾਰਮਿਕ ਅਤੇ ਸਭਿਆਚਾਰਕ ਸੰਵੇਦਨਸ਼ੀਲਤਾ ਨੂੰ ਲੈ ਕੇ ਅਮਰੀਕੀ ਸਿਆਸਤ ਵਿੱਚ ਇੱਕ ਵੱਡੀ ਚਰਚਾ ਛੇੜ ਦਿੱਤੀ ਹੈ।
ਮਿਲਰ ਨੇ ਸ਼ੁੱਕਰਵਾਰ (06 ਜੂਨ, 2025) ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਸ ਨੇ ਲਿਖਿਆ, “ਇਹ ਬਹੁਤ ਚਿੰਤਾਜਨਕ ਹੈ ਕਿ ਅੱਜ ਸਵੇਰੇ ਇੱਕ ਮੁਸਲਮਾਨ ਨੂੰ ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਪ੍ਰਾਰਥਨਾ ਕਰਨ ਦੀ ਇਜਾਜ਼ਤ ਦਿੱਤੀ ਗਈ। ਅਜਿਹਾ ਕਦੇ ਵੀ ਨਹੀਂ ਹੋਣਾ ਚਾਹੀਦਾ ਸੀ।” ਉਸ ਨੇ ਅੱਗੇ ਇਹ ਵੀ ਜੋੜਿਆ ਕਿ “ਅਮਰੀਕਾ ਦੀ ਸਥਾਪਨਾ ਇੱਕ ਈਸਾਈ ਦੇਸ਼ ਵਜੋਂ ਹੋਈ ਸੀ, ਅਤੇ ਸਾਡੀ ਸਰਕਾਰ ਨੂੰ ਇਸ ਸੱਚਾਈ ਨੂੰ ਦਰਸਾਉਣਾ ਚਾਹੀਦਾ ਹੈ।”
ਪਰ ਜਿਸ ਵਿਅਕਤੀ ਦੀ ਉਹ ਗੱਲ ਕਰ ਰਹੀ ਸੀ, ਉਹ ਕੋਈ ਮੁਸਲਮਾਨ ਨਹੀਂ ਸੀ, ਸਗੋਂ ਇੱਕ ਸਿੱਖ ਗਿਆਨੀ ਸੁਰਿੰਦਰ ਸਿੰਘ ਜੀ ਸਨ, ਜਿਸ ਨੂੰ ਨਿਊ ਜਰਸੀ ਦੇ ਰਿਪਬਲਿਕਨ ਸੰਸਦ ਮੈਂਬਰ ਜੈਫ ਵੈਨ ਅਰਦਾਸ ਲਈ ਸੱਦਿਆ ਸੀ।
ਮਿਲਰ ਦੀ ਪੋਸਟ ਦੇ ਬਾਅਦ ਸੋਸ਼ਲ ਮੀਡੀਆ ‘ਤੇ ਉਸ ਦੀ ਸਖ਼ਤ ਆਲੋਚਨਾ ਸ਼ੁਰੂ ਹੋ ਗਈ। ਸਿੱਖ ਅਤੇ ਮੁਸਲਿਮ ਭਾਈਚਾਰਿਆਂ ਨੇ ਇਸ ਨੂੰ ਨਸਲਵਾਦੀ ਅਤੇ ਧਾਰਮਿਕ ਵਿਤਕਰੇ ਵਾਲੀ ਟਿੱਪਣੀ ਦੱਸਿਆ। ਇਸ ਦੇ ਨਾਲ ਹੀ, ਅਮਰੀਕੀ ਸੰਸਦ ਦੇ ਕਈ ਮੈਂਬਰਾਂ ਨੇ ਵੀ ਮਿਲਰ ਦੀ ਇਸ ਟਿੱਪਣੀ ਨੂੰ ਅਗਿਆਨਤਾ ਭਰਿਆ ਅਤੇ ਨਸਲਵਾਦੀ ਕਰਾਰ ਦਿੱਤਾ। ਜਦੋਂ ਵਿਰੋਧ ਵਧਿਆ, ਤਾਂ ਮਿਲਰ ਨੇ ਸਭ ਤੋਂ ਪਹਿਲਾਂ ਆਪਣੀ ਪੋਸਟ ਨੂੰ ਸੋਧਿਆ ਅਤੇ “ਮੁਸਲਮਾਨ” ਸ਼ਬਦ ਨੂੰ “ਸਿੱਖ” ਨਾਲ ਬਦਲ ਦਿੱਤਾ। ਪਰ ਵਿਰੋਧ ਨਾ ਰੁਕਣ ‘ਤੇ ਉਸ ਨੇ ਆਖਰਕਾਰ ਪੋਸਟ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ।
ਇਸ ਵਿਵਾਦ ਨੇ ਅਮਰੀਕਾ ਵਿੱਚ ਸਿੱਖ ਭਾਈਚਾਰੇ ਨੂੰ ਲੈ ਕੇ ਚੱਲ ਰਹੀਆਂ ਚੁਣੌਤੀਆਂ ਨੂੰ ਇੱਕ ਵਾਰ ਫਿਰ ਉਜਾਗਰ ਕਰ ਦਿੱਤਾ। ਅਮਰੀਕਾ ਵਿੱਚ ਸਿੱਖ ਭਾਈਚਾਰਾ ਲਗਭਗ 5 ਲੱਖ ਦੀ ਆਬਾਦੀ ਵਾਲਾ ਹੈ, ਅਤੇ ਉਹ ਅਕਸਰ ਨਸਲੀ ਵਿਤਕਰੇ ਦਾ ਸ਼ਿਕਾਰ ਹੁੰਦੇ ਰਹੇ ਹਨ। 11 ਸਤੰਬਰ, 2001 ਦੀਆਂ ਅੱਤਵਾਦੀ ਘਟਨਾਵਾਂ ਤੋਂ ਬਾਅਦ ਸਿੱਖਾਂ ਨੂੰ ਉਨ੍ਹਾਂ ਦੀ ਦਸਤਾਰ ਅਤੇ ਦਾੜ੍ਹੀ ਕਾਰਨ ਅਕਸਰ ਮੁਸਲਮਾਨ ਸਮਝ ਕੇ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ।
ਸਿੱਖ ਕੋਅਲੀਸ਼ਨ, ਜੋ ਅਮਰੀਕਾ ਵਿੱਚ ਸਿੱਖ ਭਾਈਚਾਰੇ ਦੇ ਹੱਕਾਂ ਲਈ ਕੰਮ ਕਰਦੀ ਹੈ, ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ। ਸਿੱਖ ਕੋਅਲੀਸ਼ਨ ਦੇ ਇੱਕ ਬੁਲਾਰੇ ਨੇ ਕਿਹਾ, “ਮਿਲਰ ਦੀ ਟਿੱਪਣੀ ਸਿਰਫ਼ ਸਿੱਖ ਭਾਈਚਾਰੇ ਦੀ ਨਹੀਂ, ਸਗੋਂ ਸਮੁੱਚੇ ਧਾਰਮਿਕ ਵਿਭਿੰਨਤਾ ਦੇ ਸਿਧਾਂਤ ਦੀ ਤੌਹੀਨ ਹੈ। ਸਾਨੂੰ ਅਮਰੀਕੀ ਸੰਵਿਧਾਨ ਦੀ ਪਹਿਲੀ ਸੋਧ ਦੀ ਰਾਖੀ ਕਰਨੀ ਚਾਹੀਦੀ ਹੈ, ਜੋ ਧਾਰਮਿਕ ਆਜ਼ਾਦੀ ਦੀ ਗਰੰਟੀ ਦਿੰਦੀ ਹੈ।”