ਪੇਂਡੂ ਸੜਕਾਂ ਦੀ ਮੰਦਹਾਲੀ ਕਿਉਂ?

Global Team
2 Min Read

ਜਗਤਾਰ ਸਿੰਘ ਸਿੱਧੂ

ਪੰਜਾਬ ਦੇ ਪੇਂਡੂ ਖੇਤਰਾਂ ਦੀਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ । ਲਿੰਕ ਸੜਕਾਂ ਉਤੇ ਵੱਡੇ ਡੂੰਘੇ ਟੋਏ ਥਾਂ-ਥਾਂ ਪਏ ਹੋਏ ਹਨ । ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਕਿ ਪਿੰਡਾਂ ਨਾਲ ਜੁੜੇ ਲੋਕ ਰੋਜ਼ਾਨਾ ਅਜਿਹੀਆਂ ਸੜਕਾਂ ਤੋਂ ਕਿਵੇਂ ਗੁਜ਼ਰਦੇ ਹਨ। ਅਜੇ ਬਾਰਿਸ਼ ਦਾ ਮੌਸਮ ਤਾਂ ਆਉਣਾ ਹੈ । ਬਾਰਿਸ਼ਾਂ ਵੇਲੇ ਟੁੱਟੀਆਂ ਹੋਈਆਂ ਸੜਕਾਂ ਦੀ ਹਾਲਤ ਤਾਂ ਹੋਰ ਵੀ ਮੰਦੀ ਹੋਵੇਗੀ । ਕੇਂਦਰ ਰੂਰਲ ਡਿਵਲਪਮੈਂਟ ਦਾ ਪੰਜਾਬ ਦਾ ਪੈਸਾ ਕਿਉਂ ਰੋਕੀ ਬੈਠਾ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਕਈ ਚਿੱਠੀਆਂ ਲਿਖ ਕੇ ਕੇਂਦਰ ਨੂੰ ਬੇਨਤੀ ਕਰ ਚੁੱਕੇ ਹਨ ਕਿ ਪੰਜਾਬ ਦਾ ਰੂਰਲ ਡਿਵਲਪਮੈਂਟ ਦਾ ਪੈਸਾ ਜਾਰੀ ਕਰੇ ਪਰ ਇਸ ਦੇ ਬਾਵਜੂਦ ਕੇਂਦਰ ਨੇ ਕੋਈ ਸੁਣਵਾਈ ਨਹੀਂ ਕੀਤੀ ਹੈ । ਜੇਕਰ ਕਿਸੇ ਸਰਕਾਰ ਵੇਲੇ ਫੰਡਾਂ ਦੀ ਨਿਯਮਾਂ ਅਨੁਸਾਰ ਵਰਤੋਂ ਵਿੱਚ ਅਣਦੇਖੀ ਹੋਈ ਹੈ ਤਾਂ ਉਸ ਦੀ ਸਜ਼ਾ ਪੰਜਾਬ ਦੇ ਪੇਂਡੂ ਖੇਤਰ ਨੂੰ ਕਿਉਂ ਮਿਲੇ? ਮਾਨ ਸਰਕਾਰ ਨੇ ਕੇਂਦਰ ਦੀ ਹਦਾਇਤ ਅਨੁਸਾਰ ਨਿਯਮਾਂ ਵਿੱਚ ਤਬਦੀਲੀ ਵੀ ਲਿਆਂਦੀ ਹੈ ਪਰ ਕੇਂਦਰ ਦੇ ਅੜੀਅਲ ਵਤੀਰੇ ਵਿਚ ਕੋਈ ਤਬਦੀਲੀ ਨਹੀਂ ਆਈ ।

ਪੰਜਾਬ ਦੀਆਂ ਰਾਜਸੀ ਪਾਰਟੀਆਂ ਆਏ ਦਿਨ ਵਿਰੋਧੀ ਧਿਰਾਂ ਦੇ ਆਗੂਆਂ ਬਾਰੇ ਮਸਾਲੇਦਾਰ ਟਿੱਪਣੀਆਂ ਕਰਦੀਆਂ ਰਹਿੰਦੀਆਂ ਹਨ। ਖਾਸ ਤੌਰ ਉਤੇ ਭਾਜਪਾ ਪੰਜਾਬ ਦੇ ਹਿੱਤਾਂ ਦੀ ਵੱਡੀ ਦਾਅਵੇਦਾਰ ਬਣਦੀ ਹੈ ਅਤੇ ਸੱਤਾ ਵਿੱਚ ਆਉਣ ਲਈ ਮੌਕੇ ਦੀ ਤਲਾਸ਼ ਵਿੱਚ ਹੈ ਪਰ ਕੀ ਭਾਜਪਾ ਪੰਜਾਬ ਦੇ ਪੇਂਡੂ ਖੇਤਰ ਦੇ ਲੋਕਾਂ ਨੂੰ ਭਰੋਸਾ ਦੇਵੇਗੀ ਕਿ ਪੇਂਡੂ ਖੇਤਰ ਦੇ ਵਿਕਾਸ ਲਈ ਪੰਜਾਬ ਦਾ ਫੰਡ ਜਾਰੀ ਹੋਵੇਗਾ?

ਲੁਧਿਆਣਾ ਦੀ ਜਿਮਨੀ ਚੋਣ ਦੌਰਾਨ ਰਾਜਸੀ ਪਾਰਟੀਆਂ ਦੇ ਆਗੂਆਂ ਵੱਲੋਂ ਇਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਕਸਰ ਨਹੀਂ ਛੱਡੀ ਜਾ ਰਹੀ । ਮਿਸਾਲ ਵਜੋਂ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕਾਂਗਰਸ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਇਕ ਦੂਜੇ ਨੂੰ ਵਿਧਾਨ ਸਭਾ ਦੀ ਕਿਸੇ ਸੀਟ ਤੋਂ ਚੋਣ ਲੜਨ ਦੀ ਚੁਣੌਤੀ ਦੇ ਰਹੇ ਹਨ? ਇਹ ਉਹ ਚੁਣੌਤੀ ਹੈ ਜਿਹੜੀ ਕਦੇ ਪੂਰੀ ਨਹੀਂ ਹੋਣੀ । ਕੀ ਰਾਜਾ ਵੜਿੰਗ ਅਤੇ ਜਾਖੜ ਪੰਜਾਬ ਦੇ ਰੂਰਲ ਡਿਵਲਪਮੈਂਟ ਫੰਡ ਦੇ ਮੁੱਦੇ ਤੇ ਇਕ ਦੂਜੇ ਨੂੰ ਚੁਣੌਤੀ ਦੇਣਗੇ ਤਾਂ ਜੋ ਪੰਜਾਬ ਦਾ ਪੇਂਡੂ ਖੇਤਰ ਸੜਕਾਂ ਦੀ ਮੰਦਹਾਲੀ ਤੋਂ ਬਾਹਰ ਆ ਸਕੇ ।

ਸੰਪਰਕ 9814002186

Share This Article
Leave a Comment