ਇਸਲਾਮਾਬਾਦ: ਭਾਰਤ ਦੇ ਇੱਕ ਹੋਰ ਦੁਸ਼ਮਣ ਅਤੇ ਜੈਸ਼-ਏ-ਮੁਹੰਮਦ (JeM) ਦੇ ਚੋਟੀ ਦੇ ਕਮਾਂਡਰ ਮੌਲਾਨਾ ਅਬਦੁਲ ਅਜ਼ੀਜ਼ ਇਸਾਰ ਨੂੰ ਪਾਕਿਸਤਾਨ ਵਿੱਚ ਮਾਰ ਦਿੱਤਾ ਗਿਆ ਹੈ। ਮੌਲਾਨਾ ਅਬਦੁਲ ਅਜ਼ੀਜ਼ ਇਸਾਰ ਦੀ ਮੌਤ ਦਾ ਵੀਡੀਓ ਵਿਦੇਸ਼ੀ ਮੀਡੀਆ ਵਿੱਚ ਵੀ ਸਾਹਮਣੇ ਆਇਆ ਹੈ। ਅਬਦੁਲ ਅਜ਼ੀਜ਼ ਭਾਰਤ ਵਿੱਚ ਕਈ ਵੱਡੇ ਅੱਤਵਾਦੀ ਹਮਲਿਆਂ ਦਾ ਮਾਸਟਰਮਾਈਂਡ ਸੀ। ਰਿਪੋਰਟ ਅਨੁਸਾਰ ਇਹ ਦਾਅਵਾ ਕੀਤਾ ਗਿਆ ਹੈ ਕਿ ਜੈਸ਼-ਏ-ਮੁਹੰਮਦ ਦੇ ਸੀਨੀਅਰ ਅੱਤਵਾਦੀ ਮੌਲਾਨਾ ਅਬਦੁਲ ਅਜ਼ੀਜ਼ ਇਸਾਰ ਦੀ 02 ਜੂਨ ਨੂੰ ਮੌਤ ਹੋ ਗਈ ਸੀ। ਇਹ ਲਿਖਿਆ ਗਿਆ ਹੈ ਕਿ ਉਹ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਭੱਕਰ ਜ਼ਿਲ੍ਹੇ ਦੇ ਕਲੂਰ ਕੋਟ ਦੇ ਅਸ਼ਰਫਵਾਲਾ ਦਾ ਰਹਿਣ ਵਾਲਾ ਸੀ। ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ । ਪਰ ਮੌਤ ਦੇ ਅਸਲ ਕਾਰਨ ਦੀ ਪੁਸ਼ਟੀ ਨਹੀਂ ਹੋਈ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਪਾਕਿਸਤਾਨ ਦੇ ਬਹਾਵਲਪੁਰ ਪੰਜਾਬ ਵਿੱਚ ਜੇਐਮ ਹੈੱਡਕੁਆਰਟਰ ਮਰਕਜ਼ ਵਿਖੇ ਕੀਤਾ ਜਾਵੇਗਾ।
ਜੈਸ਼-ਏ-ਮੁਹੰਮਦ (JeM) ਦਾ ਇੱਕ ਚੋਟੀ ਦਾ ਕਮਾਂਡਰ ਮੌਲਾਨਾ ਅਬਦੁਲ ਅਜ਼ੀਜ਼ ਇਸਾਰ ਲੰਬੇ ਸਮੇਂ ਤੋਂ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਵਿੱਚ ਸ਼ਾਮਿਲ ਸੀ। ਕੁਝ ਸੁਰੱਖਿਆ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਮੌਤ ਪਿੱਛੇ ਕੁਝ ਰਹੱਸਮਈ ਹਾਲਾਤ ਹੋ ਸਕਦੇ ਹਨ। ਮੌਲਾਨਾ ਇਸਾਰ ਜੈਸ਼-ਏ-ਮੁਹੰਮਦ ਦੇ ਚੋਟੀ ਦੇ ਰਣਨੀਤੀਕਾਰਾਂ ਵਿੱਚੋਂ ਇੱਕ ਸੀ। ਉਸ ‘ਤੇ ਭਾਰਤ ਵਿੱਚ ਕਈ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਣ ਦਾ ਦੋਸ਼ ਸੀ, ਜਿਸ ਵਿੱਚ 2016 ਦਾ ਨਗਰੋਟਾ ਹਮਲਾ ਵੀ ਸ਼ਾਮਿਲ ਸੀ। ਉਹ ਅਕਸਰ ਪਾਕਿਸਤਾਨ ਵਿੱਚ ਭਾਰਤ ਵਿਰੋਧੀ ਭਾਸ਼ਣ ਦੇ ਕੇ ਕੱਟੜਪੰਥੀ ਭਾਵਨਾਵਾਂ ਨੂੰ ਭੜਕਾਉਂਦਾ ਸੀ।