ਵਾਸ਼ਿੰਗਟਨ: ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਵਿੱਚ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਹੁਣ ਇੱਕ ਨਵਾਂ ਮੌਕਾ ਮਿਲ ਸਕਦਾ ਹੈ, ਪਰ ਇਸਦੇ ਲਈ ਨਵੀਂ ਸ਼ਰਤ ਰੱਖੀ ਗਈ ਹੈ। ਜੇਕਰ ਕੋਈ ਵਿਦਿਆਰਥੀ ਹਾਰਵਰਡ ਵਿੱਚ ਦਾਖਲਾ ਲੈਣਾ ਚਾਹੁੰਦਾ ਹੈ, ਤਾਂ ਅਮਰੀਕੀ ਸੰਘੀ ਅਧਿਕਾਰੀ ਪਹਿਲਾਂ ਉਸਦੇ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਕਰਨਗੇ। ਜਾਰੀ ਕੀਤੇ ਗਏ ਹੁਕਮ ਵਿੱਚ ਕਿਹਾ ਗਿਆ ਹੈ ਕਿ ਹੁਣ ਹਾਰਵਰਡ ਯੂਨੀਵਰਸਿਟੀ ਵਿੱਚ ਪੜ੍ਹਨ, ਕੰਮ ਕਰਨ ਜਾਂ ਆਉਣ ਦੀ ਯੋਜਨਾ ਬਣਾਉਣ ਵਾਲੇ ਵੀਜ਼ਾ ਅਰਜੀਦਾਰਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਦੀ ਪੜਤਾਲ ਕੀਤੀ ਜਾਵੇਗੀ। ਇਸ ਕਦਮ ਦਾ ਮਕਸਦ ਇਹ ਪਤਾ ਲਗਾਉਣਾ ਹੈ ਕਿ ਕੀ ਅਰਜੀਦਾਰ ਦੀ ਸੋਚ ਯਹੂਦੀ ਵਿਰੋਧੀ ਤਾਂ ਨਹੀਂ ਹੈ।
ਅਮਰੀਕਾ ਨੇ ਹਾਰਵਰਡ ਵਿੱਚ ਦਾਖਲੇ ’ਤੇ ਕਿਉਂ ਲਗਾਈ ਰੋਕ?
ਅਮਰੀਕਾ ਨੇ ਯਹੂਦੀ ਵਿਰੋਧੀ ਸੋਚ ਵਾਲੇ ਵਿਦਿਆਰਥੀਆਂ ਨੂੰ ਰੋਕਣ ਲਈ ਇਹ ਹੁਕਮ ਜਾਰੀ ਕੀਤਾ ਹੈ। ਵਿਦੇਸ਼ ਮੰਤਰੀ ਮਾਰਕੋ ਰੁਬੀਓ ਦੁਆਰਾ ਹਸਤਾਖਰਿਤ ਇੱਕ ਗੁਪਤ ਪੱਤਰ ਵਿੱਚ ਯੂਨੀਵਰਸਿਟੀ ’ਤੇ ਕੈਂਪਸ ਵਿੱਚ ਹਿੰਸਾ ਅਤੇ ਯਹੂਦੀ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਗਿਆ ਹੈ। ਇਹ ਪੱਤਰ ਸੁੱਕਰਵਾਰ ਨੂੰ ਅਮਰੀਕੀ ਦੂਤਾਵਾਸਾਂ ਅਤੇ ਕੌਂਸਲੇਟਾਂ ਨੂੰ ਭੇਜਿਆ ਗਿਆ ਸੀ। ਪੱਤਰ ਮੁਤਾਬਕ, ਇਹ ਜਾਂਚ ਇੱਕ ਪ੍ਰਯੋਗਾਤਮਕ ਵਿਵਸਥਾ ਦੇ ਰੂਪ ਵਿੱਚ ਤੁਰੰਤ ਲਾਗੂ ਕੀਤੀ ਗਈ ਹੈ, ਜਿਸ ਨੂੰ ਭਵਿੱਖ ਵਿੱਚ ਹੋਰ ਵਿਸਤਾਰਿਤ ਕੀਤਾ ਜਾ ਸਕਦਾ ਹੈ।
ਕਿਹੜੇ ਵਿਦਿਆਰਥੀਆਂ ਨੂੰ ਨਹੀਂ ਮਿਲੇਗਾ ਹਾਰਵਰਡ ਵਿੱਚ ਦਾਖਲਾ?
ਜਿਨ੍ਹਾਂ ਵਿਦਿਆਰਥੀਆਂ ਦਾ ਅਤੀਤ ਜਾਂ ਵਰਤਮਾਨ ਯਹੂਦੀ ਵਿਰੋਧੀ ਰਿਹਾ ਹੈ, ਉਨ੍ਹਾਂ ਨੂੰ ਹਾਰਵਰਡ ਵਿੱਚ ਦਾਖਲਾ ਨਹੀਂ ਮਿਲੇਗਾ। ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਵਿੱਚ ਪਿਛਲੇ ਕੁਝ ਮਹੀਨਿਆਂ ਵਿੱਚ ਯਹੂਦੀ ਵਿਰੋਧੀ ਗਤੀਵਿਧੀਆਂ ਵਿੱਚ ਵਾਧਾ ਦੇਖਿਆ ਗਿਆ ਹੈ। ਅਮਰੀਕੀ ਪ੍ਰਸ਼ਾਸਨ ਦਾ ਦੋਸ਼ ਹੈ ਕਿ ਯੂਨੀਵਰਸਿਟੀ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਵਿੱਚ ਅਸਫਲ ਰਹੀ ਹੈ। ਇਸ ਕਰਕੇ ਹੁਣ ਅਜਿਹਾ ਨਿਯਮ ਲਿਆਂਦਾ ਗਿਆ ਹੈ, ਜਿਸਦਾ ਮਕਸਦ ਅਜਿਹੇ ਅਰਜੀਦਾਰਾਂ ਦੀ ਪਛਾਣ ਕਰਨਾ ਹੈ, ਜਿਨ੍ਹਾਂ ਦਾ ਅਤੀਤ ਸਬੰਧਤ ਅਪਰਾਧਾਂ ਨਾਲ ਜੁੜਿਆ ਹੋਵੇ ਅਤੇ ਇਸ ਅਧਾਰ ’ਤੇ ਉਨ੍ਹਾਂ ਦੀ ਵੀਜ਼ਾ ਯੋਗਤਾ ’ਤੇ ਵਿਚਾਰ ਕੀਤਾ ਜਾ ਸਕੇ।