ਜਗਤਾਰ ਸਿੰਘ ਸਿੱਧੂ;
ਅੱਜ ਵਿਦਿਆਰਥੀਆਂ ਦੀਆਂ ਤਿੰਨ ਵੱਡੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹਾਂ ਕਿ ਕਿਵੇਂ ਦੇਸ਼ ਦੇ ਹਾਕਮ ਨਵੇਂ ਭਾਰਤ ਦੀਆਂ ਗੱਲਾਂ ਕਰਦੇ ਹਨ ਪਰ ਵਿਦਿਆਰਥੀਆਂ ਦੀ ਸੋਚ ਨੂੰ ਨਵੇਂ ਭਾਰਤ ਦਾ ਹਾਣੀ ਹੋਣ ਤੋਂ ਰੋਕਦੇ ਹਨ। ਸ਼ਾਇਦ ਇਸੇ ਲਈ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਪ੍ਰਧਾਨ ਖੱਤਰੀ ਨੇ ਵਿਦਿਆਰਥੀਆਂ ਲਈ ਜਾਣਕਾਰੀ ਲੈਣ ਵਾਸਤੇ ਬਣੀ ਪੁਰਾਣੀ ਖਿੜਕੀ ਹੀ ਪੁੱਟ ਦਿੱਤੀ। ਦੂਜੇ ਘਟਨਾ ਪੰਜਾਬ ਦੀ ਇਕ ਪ੍ਰਾਈਵੇਟ ਯੂਨੀਵਰਸਿਟੀ ਨੇੜੇ ਸ਼ਰਾਬ ਦੇ ਠੇਕੇ ਦੇ ਵਿਰੋਧ ਵਿੱਚ ਵਿਦਿਆਰਥੀਆਂ ਦੇ ਰੋਸ ਨਾਲ ਜੁੜੀ ਹੋਈ ਹੈ। ਤੀਜੀ ਰਾਜਸੀ ਮਾਮਲੇ ਬਾਰੇ ਹੈ ਕਿ ਕਾਂਗਰਸ ਦੇ ਯੁਵਾ ਨੇਤਾ ਰਾਹੁਲ ਗਾਂਧੀ ਬਿਹਾਰ ਵਿੱਚ ਵਿਦਿਆਰਥੀਆਂ ਨੂੰ ਮਿਲਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਰੋਕਿਆ ਗਿਆ ਅਤੇ ਹੰਗਾਮਾ ਹੋਇਆ ਕਿਉਂਕਿ ਬਿਹਾਰ ਦੀ ਹਾਕਮ ਧਿਰ ਨਵੇਂ ਭਾਰਤ ਵਿੱਚ ਵਿਦਿਆਰਥੀਆਂ ਨੂੰ ਉਹ ਹੀ ਕੁਝ ਪਰੋਸਣਾ ਚਾਹੁੰਦੀ ਹੈ ਜੋ ਹੁਕਮਰਾਨ ਚਾਹੁੰਦੇ ਹਨ।
ਦਿੱਲੀ ਯੂਨੀਵਰਸਿਟੀ ਵਿਦਿਆਰਥੀਆਂ ਦੇ ਪ੍ਰਧਾਨ ਨੇ ਖਿੜਕੀ ਕਿਉਂ ਪੁੱਟੀ? ਪ੍ਰਧਾਨ ਖੱਤਰੀ ਨੇ ਮੀਡੀਆ ਵਿੱਚ ਕਿਹਾ ਹੈ ਕਿ ਉਸ ਖਿੜਕੀ ਅੱਗੇ ਵਿਦਿਆਰਥੀਆਂ ਨੂੰ ਆਪਣੀ ਸਮੱਸਿਆ ਦੱਸਣ ਲਈ ਲਾਈਨ ਵਿੱਚ ਬਾਰਾਂ ਘੰਟੇ ਦੀ ਉਡੀਕ ਕਰਨੀ ਪੈਂਦੀ ਹੈ। ਉਸ ਨੇ ਰੋਸ ਵਜੋਂ ਖਿੜਕੀ ਪੂੱਟ ਦਿੱਤੀ ਅਤੇ ਕਿਹਾ ਕਿ ਹੁਣ ਵਿਦਿਆਰਥੀ ਆਪਣੀ ਗੱਲ ਸੌਖਿਆਂ ਕਰ ਸਕਦੇ ਹਨ। ਦੇਸ਼ ਦੇ ਨੇਤਾ ਨਵੇਂ ਭਾਰਤ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਨ ਪਰ ਦੇਸ਼ ਦੇ ਭਵਿੱਖ ਵਜੋਂ ਜਾਣੇ ਜਾਂਦੇ ਵਿਦਿਆਰਥੀਆਂ ਦਾ ਪ੍ਰਧਾਨ ਰੋਸ ਪ੍ਰਗਟ ਕਰ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਖਿੜਕੀ ਤੇ ਆਪਣੀ ਵਾਰੀ ਲਈ ਬਾਰਾਂ ਘੰਟੇ ਇੰਤਜਾਰ ਕਰਨਾ ਪੈਂਦਾ ਹੈ।ਇਹ ਤਾਂ ਇਕ ਮਿਸਾਲ ਸਾਹਮਣੇ ਆ ਗਈ ਹੈ ਪਰ ਇਸ ਸਿਸਟਮ ਵਿੱਚ ਤਾਂ ਪਤਾ ਨਹੀਂ ਕਿ ਵਾਜਿਬ ਗਲ਼ ਜਾਂ ਮੁਸ਼ਕਲ ਦੱਸਣ ਲਈ ਕਿੰਨਾ ਇੰਤਜਾਰ ਕਰਨਾ ਪੈਂਦਾ ਹੈ ਅਤੇ ਕਿੰਨੇ ਹਨ ਜਿਹੜੇ ਖਿੜਕੀ ਤੱਕ ਪਹੁੰਚ ਹੀ ਨਹੀਂ ਸਕਦੇ।
ਯੂਨੀਵਰਸਿਟੀ ਦੇ ਨੇਤਾ ਖੱਤਰੀ ਨੇ ਤਾਂ ਵਿਦਿਆਰਥੀ ਆਗੂ ਦਾ ਜੋਸ਼ ਵਿਖਾਉਂਦੇ ਹੋਏ ਖਿੜਕੀ ਪੁੱਟ ਦਿੱਤੀ ਪਰ ਨਵੇਂ ਭਾਰਤ ਵਿੱਚ ਜੇਕਰ ਕਿਸੇ ਸੂਬੇ ਦਾ ਕੈਬਨਿਟ ਮੰਤਰੀ ਦੇਸ਼ ਦੀ ਧੀ ਕਰਨਲ ਸੋਫ਼ੀਆ ਕੁਰੇਸ਼ੀ ਬਾਰੇ ਵਿਵਾਦਤ ਟਿੱਪਣੀ ਕਰੇ ਤਾਂ ਉਸ ਦੀ ਸੋਚ ਦੀ ਖਿੜਕੀ ਬਾਰੇ ਮੇਰੇ ਦੇਸ਼ ਦੇ ਹੁਕਮਰਾਨ ਚੁੱਪ ਕਿਉਂ? ਇਹ ਵੱਖਰੀ ਗੱਲ ਹੈ ਕਿ ਸੂਬੇ ਦੇ ਹਾਈਕੋਰਟ ਨੇ ਮੰਤਰੀ ਖਿਲਾਫ਼ ਫੌਰੀ ਤੌਰ ਤੇ ਐਫ ਆਈ ਆਰ ਦਰਜ ਕਰਨ ਦੇ ਆਦੇਸ਼ ਤੇ ਕੇਸ ਦਰਜ ਹੋ ਗਿਆ। ਸੁਪਰੀਮ ਕੋਰਟ ਨੇ ਵੀ ਮੰਤਰੀ ਨੂੰ ਝਾੜ ਪਾਈ ਕਿ ਤੇਰੀ ਐਫ ਆਈ ਆਰ ਕਿਉਂ ਰੱਦ ਕੀਤੀ ਜਾਵੇ? ਇਸ ਲਈ ਸੁਣਿਆ ਜਾਵੇ ਕਿ ਉਹ ਦਿਕ ਮੰਤਰੀ ਹੈ? ਪਰ ਕੀ ਇਹ ਸਾਰਾ ਕੁਝ ਕਰਨ ਦੀ ਜਿੰਮੇਵਾਰੀ ਦੇਸ਼ ਦੀਆਂ ਅਦਾਲਤਾਂ ਦੀ ਰਹਿ ਗਈ ਹੈ।
ਨਸ਼ੇ ਵਿਰੁੱਧ ਜੰਗ ਲੜੀ ਜਾ ਰਹੀ ਹੈ ਪਰ ਇਕ ਪ੍ਰਾਈਵੇਟ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਰੋਸ ਪ੍ਰਗਟ ਕਰਨਾ ਪੈ ਰਿਹਾ ਹੈ ਕਿ ਯੂਨੀਵਰਸਿਟੀ ਨੇੜੇ ਸ਼ਰਾਬ ਦਾ ਠੋਕਾ ਹਟਾਇਆ ਜਾਵੇ । ਜਦੋਂ ਜੇਲ ਦੇ ਡੀ ਐਸ ਪੀ ਨੂੰ ਮੁਅੱਤਲ ਕਰਨਾ ਪਏ ਕਿ ਜੇਲ ਅੰਦਰ ਨਸ਼ਾ ਤਸਕਰਾਂ ਦਾ ਸਮਾਨ ਸਪਲਾਈ ਕਰਦਾ ਹੈ ਤਾਂ ਵਿਦਿਆਰਥੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਸੂਰ ਕੇਵਲ ਠੇਕੇ ਵਾਲੇ ਦਾ ਨਹੀਂ ਕਸੂਰ ਤਾਂ ਸਿਸਟਮ ਦਾ ਹੈ ਜਿਹੜਾ ਜੇਲ ਨੂੰ ਹੀ ਠੇਕੇ ਵਿਚ ਬਦਲ ਦਿੰਦਾ ਹੈ।
ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਬਿਹਾਰ ਵਿੱਚ ਵਿਦਿਆਰਥੀਆਂ ਨੂੰ ਮਿਲਣ ਦੇ ਮਾਮਲੇ ਨੂੰ ਲੈ ਕੇ ਹੰਗਾਮਾ ਹੋਇਆ। ਆਖਿਰ ਵਿਦਿਆਰਥੀਆਂ ਨੂੰ ਹਾਕਮ ਧਿਰਾਂ ਆਪਣੀ ਖਿੜਕੀ ਰਾਹੀਂ ਹੀ ਨਵਾਂ ਭਾਰਤ ਕਿਉਂ ਵਿਖਾਉਣ ਲਈ ਕਿਉਂ ਬਜਿਦ ਹਨ?
ਸੰਪਰਕ 9814002186