ਵੈਨਕੂਵਰ: ਕੈਨੇਡਾ ਵਿੱਚ ਇੱਕ ਪੰਜਾਬਣ ਦੇ ਕਾਤਲ ਨੂੰ 15 ਸਾਲ ਦੀ ਸਜ਼ਾ-ਏ-ਕੈਦ ਸੁਣਾਈ ਗਈ ਹੈ। 24 ਸਾਲਾ ਹਰਮਨਦੀਪ ਕੌਰ (Harmandeep Kaur) , ਜੋ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਓਕਾਨਾਗਨ ਕੈਂਪਸ ਵਿੱਚ ਸੁਰੱਖਿਆ ਗਾਰਡ ਦੇ ਤੌਰ ‘ਤੇ ਕੰਮ ਕਰਦੀ ਸੀ, ‘ਤੇ 26 ਫਰਵਰੀ 2022 ਨੂੰ ਹਮਲਾ ਹੋਇਆ ਅਤੇ ਅਗਲੇ ਦਿਨ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਹਮਲਾਵਰ ਅਤੇ ਹਰਮਨਦੀਪ ਕੌਰ ਵਿਚਕਾਰ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਪਰ ਉਸ ਨੇ ਨਸ਼ੇ ਦੀ ਹਾਲਤ ਵਿੱਚ ਇਹ ਹਮਲਾ ਕੀਤਾ। ਹਮਲੇ ਦੌਰਾਨ ਹਰਮਨਦੀਪ ਕੌਰ ਨੂੰ ਇੰਨੀ ਵਾਰ ਮਾਰਿਆ ਗਿਆ ਕਿ ਉਸ ਨੂੰ ਬਚਾਇਆ ਨਾ ਜਾ ਸਕਿਆ। ਇਹ ਹਿੰਸਕ ਘਟਨਾ 10 ਮਿੰਟਾਂ ਤੋਂ ਵੱਧ ਸਮੇਂ ਤੱਕ ਚੱਲੀ, ਜਿਸ ਦੌਰਾਨ ਹਮਲਾਵਰ ਨੇ ਹਰਮਨਦੀਪ ਕੌਰ ਦੇ ਸਿਰ ‘ਤੇ ਵਾਰ ਕੀਤੇ ਜਦੋਂ ਉਹ ਜ਼ਮੀਨ ‘ਤੇ ਡਿੱਗ ਚੁੱਕੀ ਸੀ, ਅਤੇ ਅਣਗਿਣਤ ਥੱਪੜ ਮਾਰੇ।
ਹਰਮਨਦੀਪ ਕੌਰ 2015 ਵਿੱਚ ਪੰਜਾਬ ਤੋਂ ਕੈਨੇਡਾ ਆਈ ਸੀ ਅਤੇ ਇੱਕ ਪੈਰਾਮੈਡਿਕ ਬਣਨ ਦਾ ਸੁਪਨਾ ਰੱਖਦੀ ਸੀ। ਉਸ ਨੇ ਕਾਲਜ ਦੀ ਫੀਸ ਜਮ੍ਹਾ ਕਰਨ ਲਈ ਸੁਰੱਖਿਆ ਗਾਰਡ ਦੀ ਨੌਕਰੀ ਸ਼ੁਰੂ ਕੀਤੀ ਸੀ। ਫਰਵਰੀ 2022 ਵਿੱਚ, ਉਸ ਦੀ ਮੌਤ ਤੋਂ ਕੁਝ ਹਫਤੇ ਪਹਿਲਾਂ, ਹਰਮਨਦੀਪ ਕੌਰ ਨੂੰ ਕੈਨੇਡਾ ਦੀ ਸਥਾਈ ਨਿਵਾਸੀ (ਪੀ.ਆਰ.) ਦੀ ਮਨਜ਼ੂਰੀ ਮਿਲੀ ਸੀ।
24 ਸਾਲਾ ਹਮਲਾਵਰ ਡਾਂਟੇ ਓਗਨੀਬੇਨ ਹੇਬਰਨ ਨੂੰ ਸਜ਼ਾ ਸੁਣਾਏ ਜਾਣ ਵੇਲੇ ਹਰਮਨਦੀਪ ਕੌਰ ਦਾ ਪਰਿਵਾਰ ਅਦਾਲਤ ਵਿੱਚ ਹਾਜ਼ਰ ਸੀ। ਹਰਮਨਦੀਪ ਦੀ ਮਾਂ ਨੇ ਅਦਾਲਤ ਵਿੱਚ ਆਪਣਾ ਬਿਆਨ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਸ ਦੀ ਧੀ ਨੇ ਸੁਪਨਿਆਂ ਨਾਲ ਕੈਨੇਡਾ ਦਾ ਰੁਖ ਕੀਤਾ ਸੀ। ਉਹ ਨਾ ਸਿਰਫ਼ ਆਪਣੇ ਲਈ, ਸਗੋਂ ਪੂਰੇ ਪਰਿਵਾਰ ਨੂੰ ਕੈਨੇਡਾ ਲਿਆਉਣਾ ਚਾਹੁੰਦੀ ਸੀ। ਉਸ ਦੀ ਦੁਖੀ ਮਾਂ ਨੇ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੀ ਅਪੀਲ ਕੀਤੀ, ਤਾਂ ਜੋ ਭਵਿੱਖ ਵਿੱਚ ਕੋਈ ਹੋਰ ਪਰਿਵਾਰ ਅਜਿਹੇ ਦੁੱਖ ਨਾ ਝੱਲੇ। ਉਨ੍ਹਾਂ ਦੱਸਿਆ ਕਿ ਧੀ ਦੀ ਮੌਤ ਤੋਂ ਬਾਅਦ ਪਰਿਵਾਰ ਹਰ ਰੋਜ਼ ਭਾਰੀ ਦੁੱਖ ਵਿੱਚੋਂ ਗੁਜ਼ਰ ਰਿਹਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।