ਨਵੀਂ ਦਿੱਲੀ: ਭਾਰਤ ਨੇ Operation Sindoor ਦੌਰਾਨ ਮਾਰੇ ਗਏ ਦਹਿਸ਼ਤਗਰਦਾਂ ਨੂੰ ਰਾਜਕੀ ਸਨਮਾਨ ਨਾਲ ਅੰਤਿਮ ਸੰਸਕਾਰ ਕਰਨ ਦੇ ਪਾਕਿਸਤਾਨ ਦੇ ਫੈਸਲੇ ਦੀ ਤਿੱਖੀ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਇਸ ਸਬੰਧ ਵਿੱਚ ਵਿਸ਼ੇਸ਼ ਬ੍ਰੀਫਿੰਗ ਦੌਰਾਨ ਆਪਣੇ ਐਤਰਾਜ਼ ਦਰਜ ਕਰਵਾਏ। ਇਸ ਬ੍ਰੀਫਿੰਗ ਵਿੱਚ ਵਿਦੇਸ਼ ਸਕੱਤਰ ਵਿਕਰਮ ਮਿਸਰੀ, ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਸ਼ਾਮਿਲ ਹੋਏ। ਅੱਜ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਰਬ ਪਾਰਟੀ ਮੀਟਿੰਗ ਦੌਰਾਨ ਦੱਸਿਆ ਕਿ Operation Sindoor ਵਿੱਚ 100 ਤੋਂ ਵੱਧ ਅੱਤਵਾਦੀਆਂ ਨੂੰ ਮਾਰਿਆ ਗਿਆ ਹੈ।
ਮਿਸਰੀ ਨੇ ਵੀਰਵਾਰ ਨੂੰ ਕਿਹਾ ਕਿ ਪਹਿਲਗਾਮ ਹਮਲਾ ਪਾਕਿਸਤਾਨ ਵੱਲੋਂ ਤਣਾਅ ਵਧਾਉਣ ਦੀ ਰਣਨੀਤੀ ਦਾ ਹਿੱਸਾ ਸੀ, ਜਿਸ ਦਾ ਭਾਰਤ ਨੇ ਬੁੱਧਵਾਰ ਸਵੇਰੇ ਸਟੀਕ ਅਤੇ ਮਾਪੇ-ਤੋਲੇ ਤਰੀਕੇ ਨਾਲ ਜਵਾਬ ਦਿੱਤਾ। ਉਨ੍ਹਾਂ ਕਿਹਾ, “ਪਾਕਿਸਤਾਨ ਨੇ 22 ਅਪਰੈਲ ਨੂੰ ਤਣਾਅ ਵਧਾਇਆ, ਅਸੀਂ ਕੇਵਲ ਉਨ੍ਹਾਂ ਦੇ ਉਕਸਾਵੇ ਦਾ ਜਵਾਬ ਦੇ ਰਹੇ ਹਾਂ। ਜੇ ਹੋਰ ਟਕਰਾਅ ਵਧਦਾ ਹੈ, ਤਾਂ ਜਵਾਬ ਵੀ ਢੁਕਵੇਂ ਢੰਗ ਨਾਲ ਦਿੱਤਾ ਜਾਵੇਗਾ।”
ਉਨ੍ਹਾਂ ਦੱਸਿਆ ਕਿ ਜਦੋਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਪਹਿਲਗਾਮ ਹਮਲੇ ‘ਤੇ ਚਰਚਾ ਹੋ ਰਹੀ ਸੀ, ਤਦ ਪਾਕਿਸਤਾਨ ਨੇ TRF ਦੀ ਭੂਮਿਕਾ ਨੂੰ ਨਕਾਰਿਆ, ਹਾਲਾਂਕਿ TRF ਨੇ ਹਮਲਿਆਂ ਦੀ ਜ਼ਿੰਮੇਵਾਰੀ ਦੋ ਵਾਰ ਲਈ। ਕਰਨਲ ਕੁਰੈਸ਼ੀ ਅਤੇ ਵਿੰਗ ਕਮਾਂਡਰ ਸਿੰਘ ਨੇ ਵੀ ਸਪੱਸ਼ਟ ਕੀਤਾ ਕਿ ਭਾਰਤ ਦਾ ਜਵਾਬ ਸਿਰਫ਼ ਅੱਤਵਾਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਉਂਦਾ ਹੈ, ਨਾ ਕਿ ਕਿਸੇ ਫੌਜੀ ਟਿਕਾਣੇ ਨੂੰ।
ਵਿਦੇਸ਼ ਸਕੱਤਰ ਨੇ ਆਖਿਰ ਵਿੱਚ ਕਿਹਾ ਕਿ ਪਾਕਿਸਤਾਨ ਦੀ ਅੱਤਵਾਦ ਦੇ ਕੇਂਦਰ ਵਜੋਂ ਇਕ ਚਰਚਿਤ ਪਛਾਣ ਹੈ। ਉਨ੍ਹਾਂ ਯਾਦ ਦਿਵਾਇਆ, “ਮੈਨੂੰ ਯਾਦ ਕਰਵਾਉਣ ਦੀ ਲੋੜ ਨਹੀਂ ਕਿ ਓਸਾਮਾ ਬਿਨ ਲਾਦਿਨ ਕਿੱਥੇ ਮਿਲਿਆ ਸੀ ਅਤੇ ਉਸਨੂੰ ਕਿਸਨੇ ਸ਼ਹੀਦ ਆਖਿਆ ਸੀ। ਪਾਕਿਸਤਾਨ ਸੰਯੁਕਤ ਰਾਸ਼ਟਰ ਵੱਲੋਂ ਪਾਬੰਦੀਸ਼ੁਦਾ ਅੱਤਵਾਦੀਆਂ ਅਤੇ ਹੋਰ ਅੱਤਵਾਦੀ ਗਿਰੋਹਾਂ ਦਾ ਅੱਡਾ ਬਣਿਆ ਹੋਇਆ ਹੈ, ਜਿਸਦੀ ਪੁਸ਼ਟੀ ਉਨ੍ਹਾਂ ਦੇ ਆਪਣੇ ਨੇਤਾਵਾਂ ਨੇ ਵੀ ਕੀਤੀ ਹੈ।”