ਪੰਜਾਬਃ ਪਾਣੀਆਂ ਦਾ ਸੁਨੇਹਾ !

Global Team
5 Min Read

ਜਗਤਾਰ ਸਿੰਘ ਸਿੱਧੂ;

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬੀਆਂ ਦੇ ਪਾਣੀਆਂ ਦੇ ਹੱਕਾਂ ਲਈ ਉਹ ਕਰ ਵਿਖਾਈ ਕਿ ਭਾਖੜਾ ਬਿਆਸ ਮੈਨਜਮੈਂਟ ਬੋਰਡ ਦਾ ਚੇਅਰਮੈਨ ਮੁੜਕੇ ਕਦੇ ਨੰਗਲ ਡੈਮ ਵੱਲ ਮੂੰਹ ਨਹੀਂ ਕਰੇਗਾ। ਅਸਲ ਵਿੱਚ ਕੋਈ ਅਧਿਕਾਰੀ ਜਦੋਂ ਕਿਸੇ ਸੂਬੇ ਦੇ ਲੋਕਾਂ ਦੇ ਹਿੱਤਾਂ ਅਤੇ ਲੋਕਾਂ ਦੀ ਚੁਣੀ ਹੋਈ ਸਰਕਾਰ ਦੇ ਵਿਰੋਧ ਵਿੱਚ ਜਾਕੇ ਖੜ੍ਹਾ ਹੋ ਜਾਵੇ ਤਾਂ ਫਿਰ ਅਜਿਹਾ ਵਾਪਰਨਾ ਸੁਭਾਵਿਕ ਹੈ। ਜਦੋਂ ਪੂਰਾ ਪੰਜਾਬ ਪਾਕਿਸਤਾਨ ਵਿਰੁੱਧ ਡੱਟ ਕੇ ਆਪਣੀ ਫੌਜ ਦੇ ਨਾਲ ਖੜ੍ਹਾ ਹੋਵੇ ਅਤੇ ਪੰਜਾਬ ਨੂੰ ਹੀ ਆਪਣਾ ਪਾਣੀ ਬਚਾਉਣ ਲਈ ਲੜਾਈ ਵੀ ਲੜਨੀ ਪਏ ਤਾਂ ਸੂਬੇ ਦੇ ਮੁੱਖ ਮੰਤਰੀ ਵਲੋਂ ਜਵਾਬ ਦੇਣਾ ਤਾਂ ਬਣਦਾ ਹੈ । ਪਾਣੀਆਂ ਦੇ ਮੁੱਦੇ ਉੱਪਰ ਪਿਛਲੀਆਂ ਸਰਕਾਰਾਂ ਦੇ ਕਈ ਮੁੱਖ ਮੰਤਰੀ ਲੜਾਈ ਲੜਨ ਦੇ ਦਾਅਵੇ ਕਰਦੇ ਰਹੇ ਹਨ ਪਰ ਮਾਨ ਪਹਿਲੇ ਮੁੱਖ ਮੰਤਰੀ ਹਨ ਜਿਸ ਦੀ ਕੈਬਨਿਟ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਵਾਲੇ ਭਾਖੜਾ ਬੋਰਡ ਦੇ ਚੇਅਰਮੈਨ ਨੂੰ ਨੰਗਲ ਡੈਮ ਦੇ ਗੈਸਟ ਹਾਊਸ ( ਸਤਲੁਜ ਸਦਨ) ਵਿੱਚ ਬੈਠੇ ਨੂੰ ਹੀ ਗੇਟ ਤੇ ਜਿੰਦਰਾ ਲਗਾ ਅਤੇ ਕਿਹਾ ਕਿ ਹੁਣ ਨਿਕਲਕੇ ਵਿਖਾ ਕਿ ਕਿਵੇਂ ਨਿਕਲੇਗਾ?

ਪਾਠਕਾਂ ਨੂੰ ਇਹ ਦਸਣਾ ਹੋਵੇਗਾ ਕਿ ਇੰਝ ਹੋਇਆ ਕਿਉਂ? ਅਸਲ ਵਿੱਚ ਤਾਂ ਪੰਜਾਬ ਉਸ ਦਿਨ ਤੋਂ ਹੀ ਗੁੱਸੇ ਵਿੱਚ ਸੀ ਜਦੋਂ ਬੋਰਡ ਨੇ ਨੰਗਾ ਚਿੱਟਾ ਪੰਜਾਬ ਦੇ ਹਿੱਸੇ ਦਾ 8500 ਕਿਊਸਕ ਪਾਣੀ ਧੱਕੇ ਨਾਲ ਹੀ ਹਰਿਆਣਾ ਨੂੰ ਦੇਣ ਦਾ ਫੈਸਲਾ ਕਰ ਲਿਆ। ਪੰਜਾਬ ਨੇ ਡੱਟਕੇ ਬੋਰਡ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ । ਸਿਖਰ ਤਾਂ ਉਸ ਵੇਲੇ ਹੋਈ ਜਦੋਂ ਬੀਤੀ ਰਾਤ ਬੋਰਡ ਦਾ ਇਕ ਅਧਿਕਾਰੀ ਹਰਿਆਣਾ ਨੂੰ ਵਧੇਰੇ ਪਾਣੀ ਛੱਡਣ ਲਈ ਨੰਗਲ ਪਹੁੰਚ ਗਿਆ । ਉਧਰ ਤਾਂ ਪੰਜਾਬੀ ਤਣਾਅ ਦੀ ਬਾਰਡਰ ਉੱਪਰ ਸਥਿਤੀ ਕਾਰਨ ਆਪਣਾ ਨਿੱਕ ਸੁਕ ਲੈਕੇ ਪਿਛੇ ਸੁਰੱਖਿਅਤ ਥਾਵਾਂ ਵਲ ਆ ਰਹੇ ਹਨ ਅਤੇ ਦੂਜੇ ਪਾਸੇ ਬੋਰਡ ਦਾ ਅਧਿਕਾਰੀ ਪੰਜਾਬ ਦੇ ਵਿਰੋਧ ਦੇ ਬਾਵਜੂਦ ਪਾਣੀ ਛੱਡਣ ਆ ਗਿਆ। ਉਹ ਤਾਂ ਭਲਾ ਹੋਵੇ ਪੁਲਿਸ ਦਾ। ਊਥੇ ਤਾਇਨਾਤ ਪੁਲੀਸ ਵਾਲੇ ਨੇ ਉਸ ਨੂੰ ਕਾਬੂ ਕਰ ਲਿਆ । ਅੱਜ ਸਵੇਰੇ ਚੁੱਪ ਚੁਪੀਤੇ ਬੋਰਡ ਦੇ ਚੇਅਰਮੈਨ ਸਾਹਿਬ ਆ ਗਏ। ਪੰਜਾਬ ਨੂੰ ਕੋਈ ਜਾਣਕਾਰੀ ਨਹੀਂ ਕਿ ਸਾਹਿਬ ਆ ਰਹੇ ਹਨ ਜਦੋਂ ਕਿ ਮਾਮਲਾ ਅਦਾਲਤ ਵਿੱਚ ਵੀ ਹੈ । ਲਉ ਜੀ! ਹੋਇਆ ਕੀ? ਸਾਹਿਬ ਦੇ ਆਉਣ ਦਾ ਰੌਲਾ ਪੈ ਗਿਆ। ਪੰਜਾਬ ਦਾ ਪਾਣੀ ਬਚਾਉਣ ਲਈ ਨੇੜਲੇ ਪਿੰਡਾਂ ਦੇ ਲੋਕ ਇੱਕਠੇ ਹੋ ਗਏ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੀ ਪੁੱਜ ਗਏ। ਬੋਰਡ ਦਾ ਚੇਅਰਮੈਨ ਤਾਂ ਵਿਰੋਧ ਦੇਖਕੇ ਡੈਮ ਦੇ ਸਤਲੁਜ ਸਦਨ ਕੁਝ ਹੋਰ ਅਧਿਕਾਰੀਆਂ ਨਾਲ ਬੈਠ ਗਿਆ । ਲੋਕਾਂ ਨੇ ਡੈਮ ਦੇ ਮੁੱਖ ਗੇਟ ਨੂੰ ਜਿੰਦਰਾ ਮਾਰ ਦਿੱਤਾ । ਕੈਬਨਿਟ ਮੰਤਰੀ ਬੈਂਸ ਅਤੇ ਲੋਕਾਂ ਨੇ ਕਿਹਾ ਕਿ ਬੋਰਡ ਦੇ ਚੇਅਰਮੈਨ ਵਿਰੁੱਧ ਦੇਸ਼ ਧ੍ਰੋਹੀ ਦਾ ਕੇਸ ਦਰਜ ਕੀਤਾ ਜਾਵੇ ਕਿਉਂਕਿ ਇਸ ਨੇ ਬਾਰਡਰ ਤੇ ਤਣਾਅ ਦੇ ਚਲਦਿਆਂ ਸਥਿਤੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਸ ਸਥਿਤੀ ਵਿੱਚ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਅਉਣ ਦਾ ਪ੍ਰੋਗਰਾਮ ਬਣਾ ਲਿਆ । ਇਸ ਹਾਲਤ ਵਿੱਚ ਪੰਜਾਬ ਪੁਲਿਸ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਆ ਗਈ।

ਪੁਲਿਸ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਅਤੇ ਬੋਰਡ ਦੇ ਚੇਅਰਮੈਨ ਨੂੰ ਮੁਸ਼ਕਲ ਨਾਲ ਗੱਡੀ ਵਿੱਚ ਗੇਟ ਦਾ ਜਿੰਦਰਾ ਖੁਲਵਾਕੇ ਬਾਹਰ ਕੱਢਿਆ।

ਕੁਝ ਮਿੰਟਾਂ ਬਾਅਦ ਮੁੱਖ ਮੰਤਰੀ ਮਾਨ ਵੀ ਆ ਗਏ ਅਤੇ ਲੋਕਾਂ ਨੇ ਨਾਅਰੇ ਲਾਕੇ ਮੁੱਖ ਮੰਤਰੀ ਦਾ ਸਵਾਗਤ ਕੀਤਾ। ਮੁੱਖ ਮੰਤਰੀ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਜੋਰਦਾਰ ਸ਼ਬਦਾਂ ਵਿਚ ਸੁਨੇਹਾ ਦਿੱਤਾ ਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਇਕ ਬੂੰਦ ਵੀ ਫਾਲਤੂ ਪਾਣੀ ਨਹੀਂ ਹੈ। ਮੁੱਖ ਮੰਤਰੀ ਨੇ ਬੋਰਡ ਦੇ ਪੱਖਪਾਤੀ ਵਤੀਰੇ ਉੱਪਰ ਸਵਾਲ ਉਠਾਏ ਕਿ ਪੰਜਾਬ ਪਾਕਿਸਤਾਨ ਵਿਰੁੱਧ ਡੱਟਿਆ ਹੋਇਆ ਹੈ ਪਰ ਪੰਜਾਬ ਨੂੰ ਪਾਣੀਆਂ ਦੇ ਕਲੇਸ਼ ਵਿੱਚ ਉਲਝਾਇਆ ਹੋਇਆ ਹੈ। ਉਨਾਂ ਬੋਰਡ ਦੇ ਪੰਜਾਬ ਵਿਰੁੱਧ ਅਦਾਲਤ ਵਿੱਚ ਜਾਣ ਉਪਰ ਵੀ ਸਵਾਲ ਉਠਾਇਆ ।ਉਨਾਂ ਇਹ ਵੀ ਕਿਹਾ ਕਿ ਪਹਿਲੇ ਹੁਕਮਰਾਨ ਪਾਣੀਆਂ ਬਾਰੇ ਸਮਝੌਤੇ ਕਰਦੇ ਰਹੇ ਹਨ ਪਰ ਆਪ ਸਰਕਾਰ ਪੰਜਾਬ ਦੇ ਹਿੱਸੇ ਦੀ ਇਕ ਬੂੰਦ ਪਾਣੀ ਦੀ ਕਿਸੇ ਹੋਰ ਸੂਬੇ ਨੂੰ ਨਹੀਂ ਜਾਣ ਦੇਵੇਗੀ।

ਸੰਪਰਕ 9814002186

Share This Article
Leave a Comment