ਜਗਤਾਰ ਸਿੰਘ ਸਿੱਧੂ;
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੇ ਦੇਸ਼ ਦੇ ਹੁਕਮਰਾਨਾਂ ਨੂੰ ਸੁਨੇਹਾ ਦੇ ਦਿੱਤਾ ਹੈ ਕਿ ਸਮੁੱਚਾ ਪੰਜਾਬ ਪਾਣੀਆਂ ਦੀ ਰਾਖੀ ਦੇ ਮੁੱਦੇ ਉਪਰ ਦੀਵਾਰ ਬਣਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਖੜ੍ਹਾ ਹੈ ।ਅਸਲ ਵਿੱਚ ਇਹ ਲੜਾਈ ਫਸਲਾਂ ਅਤੇ ਨਸਲਾਂ ਦਾ ਭਵਿੱਖ ਬਚਾਉਣ ਦਾ ਸਵਾਲ ਬਣ ਗਈ ਹੈ। ਅੱਜ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੇ ਕਈ ਵੱਡੇ ਅਤੇ ਅਹਿਮ ਮੁੱਦੇ ਸਰਬ ਸੰਮਤੀ ਨਾਲ ਪਾਸ ਕਰ ਦਿੱਤੇ । ਸਦਨ ਨੇ ਭਾਖੜਾ ਬੋਰਡ ਵਲੋਂ ਹਰਿਆਣਾ ਨੂੰ 8500 ਕਿਊਸਕ ਵਾਧੂ ਪਾਣੀ ਦੇਣ ਦਾ ਮਤਾ ਰੱਦ ਕਰ ਦਿੱਤਾ। ਇਹ ਵੀ ਮਤਾ ਕੀਤਾ ਗਿਆ ਹੈ ਕਿ ਭਾਖੜਾ ਬੋਰਡ ਭੰਗ ਕੀਤਾ ਜਾਵੇ ਅਤੇ ਮੌਜੂਦਾ ਪ੍ਰਸਥਿਤੀਆਂ ਵਿੱਚ ਬੋਰਡ ਦਾ ਪੁਨਰਗਠਨ ਕੀਤਾ ਜਾਵੇ। ਕੇਂਦਰ ਵੱਲੋਂ ਪਿਛਲੇ ਸਮੇਂ ਵਿੱਚ ਪਾਸ ਕੀਤੇ ਡੈਮ ਸੋਫਟੀ ਐਕਟ ਨੂੰ ਵੀ ਖਤਮ ਕੀਤਾ ਜਾਵੇ ਕਿਉਂਕਿ ਇਹ ਰਾਜਾਂ ਦੇ ਅਧਿਕਾਰਾਂ ਉਪਰ ਸਿੱਧੇ ਤੌਰ ਉੱਤੇ ਡਾਕਾ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਨਾਲ ਬਹੁਤ ਧੱਕਾ ਕਰ ਰਹੀ ਹੈ। ਪੰਜਾਬ ਦਾ ਪੇਂਡੂ ਵਿਕਾਸ ਫੰਡ ਕੇੱਦਰ ਵਲੋਂ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ।ਪੰਜਾਬ ਨੇ ਦੇਸ਼ ਨੂੰ ਅਨਾਜ ਦੇ ਖੇਤਰ ਵਿੱਚੋਂ ਆਤਮ ਨਿਰਭਰ ਬਣਾਉਣ ਲਈ ਲਗਾਤਾਰ ਬਹੁਤ ਵੱਡਾ ਯੋਗਦਾਨ ਪਾਇਆ ਹੈ । ਖਾਸ ਤੌਰ ਉਤੇ ਝੋਨਾ ਤਾਂ ਪੰਜਾਬ ਦੇਸ਼ ਲਈ ਪੈਦਾ ਕਰਦਾ ਹੈ ਅਤੇ ਚਾਵਲ ਦੇ ਭੰਡਾਰ ਭਰਦਾ ਹੈ ਪਰ ਪੰਜਾਬ ਦਾ ਝੋਨਾ ਪਾਲਣ ਲਈ ਵੱਡੀ ਮਾਤਰਾ ਵਿੱਚ ਪਾਣੀ ਬਰਬਾਦ ਹੋ ਰਿਹਾ ਹੈ ਅਤੇ ਹੁਣ ਪੰਜਾਬ ਦਾ ਹੀ ਪਾਣੀ ਖੋਹਿਆ ਜਾ ਰਿਹਾ ਹੈ। ਦੇਸ਼ ਲਈ ਕੁਰਬਾਨੀਆਂ ਪੰਜਾਬੀ ਅਤੇ ਬੰਗਾਲੀ ਦੇਣ ਵਿੱਚ ਮੋਹਰੀ ਰਹੇ ਪਰ ਦੋਹਾਂ ਹੀ ਸੂਬਿਆਂ ਨਾਲ ਕੇਂਦਰ ਧੱਕੇ ਕਰ ਰਿਹਾ ਹੈ । ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਕੇਂਦਰ ਦੇ ਬਸ ਹੋਵੇ ਤਾਂ ਪੰਜਾਬ ਦਾ ਨਾਂ ਜਨ ਗਨ ਦੇ ਰਾਸ਼ਟਰੀ ਗੀਤ ਵਿੱਚੌ ਬਾਹਰ ਕੱਢਵਾ ਦੇਵੇ। ਮੁੱਖ ਮੰਤਰੀ ਮਾਨ ਨੇ ਜਿਥੇ ਕੇਂਦਰ ਸਰਕਾਰ ਤੇ ਸਦਨ ਵਿੱਚ ਤਿੱਖੇ ਹਮਲੇ ਕੀਤੇ ਉੱਥੇ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਵੱਲੋਂ ਪਾਣੀਆਂ ਦੇ ਮਾਮਲੇ ਵਿਚ ਅਣਦੇਖੀ ਕਰਨ ਨੂੰ ਕਰਾਰੇ ਹੱਥੀ ਲਿਆ ।ਉਨਾ ਕਿਹਾ ਕਿ ਅਸਲ ਵਿੱਚ ਪਿਛਲੀਆਂ ਸਰਕਾਰਾਂ ਦੇ ਬੀਜੇਂ ਕੰਡੇ ਹੀ ਉਹ ਚੁਗ ਰਹੇ ਹਨ । ਪਿਛਲੇ ਸਮਿਆਂ ਵਿੱਚ ਵੱਖ-ਵੱਖ ਮੌਕਿਆਂ ਉੱਤੇ ਕੇਂਦਰ ਦੀਆਂ ਸਰਕਾਰਾਂ ਦੇ ਦਬਾਅ ਹੇਠ ਆਕੇ ਸਮਝੌਤੇ ਕਰਕੇ ਪੰਜਾਬ ਦੇ ਪਾਣੀਆਂ ਨੂੰ ਲੁੱਟਿਆ ਗਿਆ ।ਹਾਕਮ ਧਿਰ ਵਲੋਂ ਕਾਂਗਰਸ ਨੂੰ ਪੰਜਾਬ ਦੇ ਹਿੱਤਾਂ ਨਾਲ ਪਾਣੀਆਂ ਦੇ ਮਾਮਲੇ ਵਿੱਚ ਖਿਲਵਾੜ ਕਰਨ ਲਈ ਮਾਫ਼ੀ ਮੰਗਣ ਨੂੰ ਕਿਹਾ ਗਿਆ ।ਵਿੱਤ ਮੰਤਰੀ ਹਰਪਾਲ ਚੀਮਾ, ਆਪ ਦੇ ਪ੍ਰਧਾਨ ਅਮਨ ਅਰੋੜਾ ਅਤੇ ਹੋਰਾਂ ਨੇ ਵੀ ਪਿਛਲੀਆਂ ਸਰਕਾਰਾਂ ਨੂੰ ਨਿਸ਼ਾਨੇ ਤੇ ਲਿਆ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਦੂਜੀਆਂ ਵਿਰੋਧੀ ਪਾਰਟੀਆਂ ਨੇ ਵੀ ਪਾਣੀ ਦੇ ਮੁੱਦੇ ਉਪਰ ਡੱਟਕੇ ਹਮਾਇਤ ਦਾ ਭਰੋਸਾ ਦਿੱਤਾ। ਬੇਸ਼ਕ ਮੁੱਖ ਮੰਤਰੀ ਮਾਨ ਨੇ ਵਿਰੋਧੀ ਧਿਰਾਂ ਨੂੰ ਪਿਛਲੀਆਂ ਗਲਤੀਆਂ ਲਈ ਨਿਸ਼ਾਨੇ ਉਤੇ ਲਿਆ ਪਰ ਪਾਣੀਆਂ ਦੇ ਮੁੱਦੇ ਉਪਰ ਹਮਾਇਤ ਲਈ ਸਾਰੀਆਂ ਧਿਰਾਂ ਦਾ ਧੰਨਵਾਦ ਕੀਤਾ।
ਸੰਪਰਕ 9814002186