ਨਿਊਜ਼ ਡੈਸਕ: ਦੱਖਣੀ ਅਮਰੀਕਾ ਦੇ ਦੇਸ਼ ਅਰਜਨਟੀਨਾ ਅਤੇ ਚਿਲੀ ਦੇ ਸਮੁੰਦਰੀ ਤੱਟਾਂ ਨੇ ਸ਼ੁੱਕਰਵਾਰ ਨੂੰ ਭਾਰੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਅਮਰੀਕੀ ਭੂਗੋਲਿਕ ਸਰਵੇਖਣ (USGS) ਅਨੁਸਾਰ, ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ‘ਤੇ 7.4 ਮਾਪੀ ਗਈ। ਇਹ ਝਟਕੇ ਸਮੁੰਦਰ ਦੇ ਅੰਦਰੋਂ ਆਏ ਸੀ, ਜਿਸ ਕਰਕੇ ਨੇੜਲੇ ਖੇਤਰਾਂ ‘ਚ ਵੀ ਹਲਚਲ ਮਹਿਸੂਸ ਹੋਈ। USGS ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਚਿਲੀ ਅਤੇ ਅਰਜਨਟੀਨਾ ਦੇ ਦੱਖਣੀ ਤੱਟਾਂ ਦੇ ਨੇੜੇ ਸਮੁੰਦਰ ਵਿੱਚ ਸੀ। ਹਾਲੇ ਤੱਕ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ, ਪਰ ਅਧਿਕਾਰੀਆਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ, ਜੋ ਕੁਝ ਸਮੇਂ ਬਾਅਦ ਵਾਪਸ ਲੈ ਲਈ ਗਈ। ਫਿਰ ਵੀ ਤੱਟੀ ਇਲਾਕਿਆਂ ਵਿੱਚ ਲੋਕ ਸਾਵਧਾਨੀ ਵਜੋਂ ਉੱਚੇ ਖੇਤਰਾਂ ਵੱਲ ਜਾਣ ਲੱਗ ਪਏ। ਸਥਾਨਕ ਮੀਡੀਆ ਮੁਤਾਬਕ, ਚਿਲੀ ਦੇ ਪੁੰਟਾ ਏਰੇਨਾਸ ਅਤੇ ਅਰਜਨਟੀਨਾ ਦੇ ਰਿਓ ਗਾਲੇਗੋਸ ਸ਼ਹਿਰਾਂ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ। ਚਿਲੀ ਅਤੇ ਅਰਜਨਟੀਨਾ ਭੂਚਾਲ ਸੰਵੇਦਨਸ਼ੀਲ ਖੇਤਰਾਂ ਵਿੱਚ ਆਉਂਦੇ ਹਨ, ਕਿਉਂਕਿ ਇਹ ਖੇਤਰ ‘ਰਿੰਗ ਆਫ ਫਾਇਰ’ (ਅੱਗ ਦਾ ਘੇਰਾ) ਦਾ ਹਿੱਸਾ ਹੈ, ਜਿੱਥੇ ਧਰਤੀ ਦੀਆਂ ਟੈਕਟੋਨਿਕ ਪਲੇਟਾਂ ਟਕਰਾਉਂਦੀਆਂ ਹਨ ਅਤੇ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ।
ਚਿਲੀ ਦੀ ਰਾਸ਼ਟਰਪਤੀ ਗੈਬਰੀਅਲ ਬੋਰੀਕ ਨੇ ‘ਐਕਸ’ ‘ਤੇ ਲਿਖਿਆ ਕਿ ਸੰਭਾਵਿਤ ਐਮਰਜੈਂਸੀ ਹਾਲਤਾਂ ਦਾ ਜਵਾਬ ਦੇਣ ਲਈ “ਸਾਰੇ ਸੰਸਾਧਨ ਉਪਲਬਧ ਹਨ।” ਚਿਲੀ ਦੀ ਰਾਸ਼ਟਰੀ ਆਪਦਾ ਨਿਵਾਰਣ ਅਤੇ ਪ੍ਰਤੀਕਿਰਿਆ ਸੇਵਾ ਨੇ ਜਨਤਾ ਨੂੰ ਸੁਨੇਹਾ ਭੇਜ ਕੇ ਕਿਹਾ ਕਿ “ਸੁਨਾਮੀ ਚੇਤਾਵਨੀ ਕਾਰਨ, ਮੈਗਲਨ ਖੇਤਰ ਦੇ ਤੱਟੀ ਇਲਾਕਿਆਂ ਨੂੰ ਖਾਲੀ ਕੀਤਾ ਜਾ ਰਿਹਾ ਹੈ” ਅਤੇ ਚਿਲੀ ਦੇ ਅੰਟਾਰਕਟਿਕ ਖੇਤਰ ਦੇ ਸਾਰੇ ਤੱਟੀ ਖੇਤਰ ਵੀ ਖਾਲੀ ਕਰਨ ਦੀ ਅਪੀਲ ਕੀਤੀ ਗਈ।