ਜਗਤਾਰ ਸਿੰਘ ਸਿੱਧੂ;
ਕੇਂਦਰ ਅਤੇ ਕਿਸਾਨ ਆਗੂਆਂ ਵਿਚਕਾਰ ਚਾਰ ਮਈ ਨੂੰ ਚੰਡੀਗੜ ਵਿੱਚ ਹੋਣ ਵਾਲੀ ਮੀਟਿੰਗ ਗੈਰ ਯਕੀਨੀ ਬਣੀ ਹੋਈ ਹੈ। ਕੇਂਦਰ ਨੇ ਬਕਾਇਦਾ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਹੋਇਆ ਹੈ ਪਰ ਗੱਲਬਾਤ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਨੇ ਗੱਲਬਾਤ ਸ਼ਰਤਾਂ ਨਾਲ ਕਰਨ ਦਾ ਸੁਨੇਹਾ ਦੇ ਦਿੱਤਾ ਹੈ। ਗੱਲ ਕੇਵਲ ਕਿਸਾਨ ਜਥੇਬੰਦੀਆਂ ਦੀ ਸ਼ਰਤ ਦੀ ਵੀ ਨਹੀਂ ਹੈ ਸਗੋਂ ਬਦਲੀਆਂ ਹੋਈਆਂ ਪ੍ਰਸਥਿਤੀਆਂ ਦੀ ਵੀ ਹੈ। ਇਸ ਤੋਂ ਪਹਿਲਾਂ ਜਿਹੜੀ ਚੰਡੀਗੜ ਕੇਂਦਰੀ ਆਗੂਆਂ ਨਾਲ ਮੀਟਿੰਗ ਹੋਈ ਸੀ, ਉਸ ਮੀਟਿੰਗ ਵਿੱਚ ਹੀ ਤੈਅ ਹੋ ਗਿਆ ਸੀ ਕਿ ਅਗਲੀ ਮੀਟਿੰਗ ਚਾਰ ਮਈ ਨੂੰ ਹੋਵੇਗੀ ਪਰ ਉਸ ਮੀਟਿੰਗ ਬਾਅਦ ਬਹੁਤ ਕੁਝ ਬਦਲ ਗਿਆ। ਮੀਟਿੰਗ ਵਿੱਚੋਂ ਨਿਕਲਦੇ ਹੀ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ ਅਤੇ ਕਈ ਹੋਰ ਆਗੂਆਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਸੀ।ਉਸ ਤੋਂ ਬਾਅਦ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਅੰਦੋਲਨ ਚਲਾ ਰਹੇ ਕਿਸਾਨਾਂ ਨੂੰ ਖਿਦੇੜ ਦਿੱਤਾ। ਕਿਸਾਨ ਜਥੇਬੰਦੀਆਂ ਬੇਸ਼ਕ ਸਰਕਾਰ ਦੀ ਇਸ ਕਾਰਵਾਈ ਦਾ ਵਿਰੋਧ ਕਰ ਰਹੀਆਂ ਹਨ ਪਰ ਅੰਦੋਲਨ ਦੀ ਰੂਪ ਰੇਖਾ ਪਹਿਲਾਂ ਵਾਲੀ ਨਹੀਂ ਬਣ ਸਕੀ। ਹਾਲਤ ਇਹ ਬਣ ਗਈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨਾਂ ਦੀ ਕੇਂਦਰ ਨਾਲ ਹੋਣ ਵਾਲੀ ਮੀਟਿੰਗ ਵਿੱਚ ਸ਼ਮੂਲੀਅਤ ਬਾਰੇ ਵੀ ਸਵਾਲੀਆ ਨਿਸ਼ਾਨ ਲੱਗਾ ਹੈ। ਹਾਲਾਂਕਿ ਇਸ ਤੋਂ ਪਹਿਲੀਆਂ ਮੀਟਿੰਗਾਂ ਵਿੱਚ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਖਨੌਰੀ ਮੋਰਚੇ ਵਾਲਿਆਂ ਦੀ ਬਰਾਬਰ ਸ਼ਮੂਲੀਅਤ ਹੁੰਦੀ ਰਹੀ ਹੈ। ਇਸ ਹਾਲਤ ਵਿੱਚ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠਲੀ ਜਥੇਬੰਦੀ ਦੇ ਹੀ ਮੀਟਿੰਗ ਵਿੱਚ ਸ਼ਮੂਲੀਅਤ ਦੇ ਅਸਾਰ ਹਨ। ਦੂਜੇ ਪਾਸੇ ਡੱਲੇਵਾਲ ਨੇ ਬਕਾਇਦਾ ਐਲਾਨ ਕੀਤਾ ਹੈ ਕਿ ਉਹ ਕੇਂਦਰ ਨਾਲ ਚਾਰ ਮਈ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ ਪਰ ਜੇਕਰ ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਜਾਂ ਮੰਤਰੀ ਕੇਂਦਰ ਨਾਲ ਚੰਡੀਗੜ ਤੈਅ ਮੀਟਿੰਗ ਵਿੱਚ ਸ਼ਾਮਲ ਹੋਵੇ ਤਾਂ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ। ਇਸ ਬਾਰੇ ਕੇਂਦਰ ਨੂੰ ਪੱਤਰ ਵੀ ਲਿਖਿਆ ਗਿਆ ਹੈ ਪਰ ਕੇਂਦਰ ਦਾ ਨਵੀਂ ਸਥਿਤੀ ਬਾਰੇ ਕੋਈ ਜਵਾਬ ਨਹੀਂ ਆਇਆ ਹੈ।
ਜੇਕਰ ਡੱਲੇਵਾਲ ਦੀ ਅਗਵਾਈ ਵਾਲੀ ਜਥੇਬੰਦੀ ਦੀ ਗੱਲ ਕਰੀਏ ਤਾਂ ਇਸ ਫੋਰਮ ਦੇ ਹੀ ਇਕ ਆਗੂ ਇੰਦਰਜੀਤ ਸਿੰਘ ਕੋਟ ਬੁੱਢਾ ਨੇ ਡੱਲੇਵਾਲ ਦੇ ਕੰਮ ਕਰਨ ਦੇ ਢੰਗ ਬਾਰੇ ਕਈ ਸਵਾਲ ਉਠਾਏ ਹਨ। ਹਾਲਾਂਕਿ ਕਿ ਫੋਰਮ ਦੇ ਹੋਰ ਆਗੂਆਂ ਨੇ ਮਾਮਲਾ ਮੀਟਿੰਗ ਵਿੱਚ ਆਕੇ ਵਿਚਾਰਨ ਦੀ ਗੱਲ ਕੀਤੀ ਹੈ। ਸ਼ੰਭੂ ਬਾਰਡਰ ਦੇ ਕਿਸਾਨ ਆਗੂ ਸਤਨਾਮ ਸਿੰਘ ਪੰਨੂ ਨੇ ਡੱਲੇਵਾਲ ਉਪਰ ਮੋਰਚੇ ਦੇ ਢੰਗ ਨੂੰ ਲੈਕੇ ਹੋਰ ਦੋਸ਼ ਲਾ ਦਿੱਤੇ ਹਨ।
ਇਸ ਸਥਿਤੀ ਵਿੱਚ ਕਿਸਾਨ ਆਗੂਆਂ ਨੂੰ ਸਿਰ ਜੋੜ ਕੇ ਸਾਰੇ ਪਹਿਲੂਆਂ ਨੂੰ ਵਿਚਾਰਨ ਦੀ ਲੋੜ ਹੈ। ਇਸ ਬਾਰੇ ਕੋਈ ਦੋ ਰਾਏ ਨਹੀਂ ਹੈ ਕਿ ਦਿੱਲੀ ਕਿਸਾਨ ਅੰਦੋਲਨ ਬਾਅਦ ਸ਼ੰਭੂ ਅਤੇ ਖਨੌਰੀ ਮੋਰਚੇ ਦੇ ਅੰਦੋਲਨ ਨੇ ਕਿਸਾਨੀ ਸੰਘਰਸ਼ ਵਿੱਚ ਨਵੀਂ ਰੂਹ ਫੂਕੀ ਸੀ ਅਤੇ ਜੇਕਰ ਹੁਣ ਕਿਸਾਨਾਂ ਦਾ ਭਰੋਸਾ ਟੁੱਟੇਗਾ ਤਾਂ ਇਸ ਦੇ ਕਿਸਾਨੀ ਸੰਘਰਸ਼ ਲਈ ਦੂਰ ਰਸ ਨਾਂਹਪੱਖੀ ਸਿੱਟੇ ਨਿਕਲਣਗੇ।
ਸੰਪਰਕ 9814002186