ਵਾਾਸ਼ਿੰਗਟਨ: ਡੋਨਲਡ ਟਰੰਪ ਅਕਸਰ ਆਪਣੇ ਬਿਆਨਾਂ ਲਈ ਮਸ਼ਹੂਰ ਰਹੇ ਹਨ। ਹੁਣ ਇੱਕ ਵਾਰ ਫਿਰ ਉਹਨਾਂ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ ਜਿਸ ਕਾਰਨ ਉਹ ਚਰਚਾ ਵਿੱਚ ਆ ਗਏ ਹਨ। ਬੁੱਧਵਾਰ ਨੂੰ ਟਰੰਪ ਨੇ ਮਜ਼ਾਕ-ਮਜ਼ਾਕ ‘ਚ ਕਿਹਾ ਕਿ ਉਹ ਪੋਪ ਫਰਾਂਸਿਸ ਦੇ ਉਤਰਾਧਿਕਾਰੀ ਬਣਨਾ ਚਾਹੁੰਦੇ ਹਨ। ਇਹ ਟਿੱਪਣੀ ਉਸ ਸਮੇਂ ਆਈ ਹੈ ਜਦ ਵੈਟੀਕਨ ਸਿਟੀ ਕੈਥੋਲਿਕ ਚਰਚ ਦੇ ਨਵੇਂ ਮੁਖੀ ਦੀ ਤਿਆਰੀ ਕਰ ਰਿਹਾ ਹੈ।
ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਉਹ ਅਗਲੇ ਪੋਪ ਵਜੋਂ ਕਿਸਨੂੰ ਵੇਖਣਾ ਚਾਹੁੰਦੇ ਹਨ, ਤਾਂ ਉਹਨਾਂ ਹੱਸਦੇ ਹੋਏ ਕਿਹਾ, “ਮੈਂ ਖੁਦ ਪੋਪ ਬਣਨਾ ਚਾਹੁੰਦਾ ਹਾਂ, ਇਹ ਮੇਰੀ ਪਹਿਲੀ ਪਸੰਦ ਹੋਵੇਗੀ।” ਇਹ ਬਿਆਨ ਉਹਨਾਂ ਨੇ ਆਪਣੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ਮਗਰੋਂ ਇੱਕ ਸਮਾਗਮ ਦੌਰਾਨ ਦਿੱਤਾ। ਹਾਲਾਂਕਿ, ਪੋਪ ਦੀ ਚੋਣ ਬਾਰੇ ਉਹਨਾਂ ਨੇ ਕਿਸੇ ਵਿਅਕਤੀ ਨੂੰ ਖਾਸ ਤਰਜੀਹ ਨਹੀਂ ਦਿੱਤੀ, ਪਰ ਨਿਊਯਾਰਕ ਦੇ ਆਰਚਬਿਸ਼ਪ ਕਾਰਡਿਨਲ ਟਿਮੋਥੀ ਡੋਲਨ ਦਾ ਨਾਮ ਲੈਂਦੇ ਹੋਏ ਕਿਹਾ ਕਿ ਉਹ ਇਸ ਅਹੁਦੇ ਲਈ “ਬਹੁਤ ਵਧੀਆ” ਹੋ ਸਕਦੇ ਹਨ।
ਮਿਡਲ ਈਸਟ ਤੋਂ ਵੀ ਆਈ ਪੋਪ ਦੀ ਮੰਗ
ਪੋਪ ਫਰਾਂਸਿਸ ਦੀ ਮੌਤ ਮਗਰੋਂ ਦੁਨੀਆਂ ਭਰ ਵਿੱਚ ਨਵੇਂ ਪੋਪ ਦੀ ਉਡੀਕ ਕੀਤੀ ਜਾ ਰਹੀ ਹੈ। ਪੂਰੀ ਦੁਨੀਆਂ ਦੇ ਪਾਦਰੀਆਂ ਅਤੇ ਨੇਤਾਵਾਂ ਵੱਲੋਂ ਆਪਣੀਆਂ ਦਾਅਵੇਦਾਰੀਆਂ ਰੱਖੀਆਂ ਜਾ ਰਹੀਆਂ ਹਨ। ਇੱਥੇ ਤੱਕ ਕਿ ਪਿਛਲੇ ਹਫ਼ਤੇ ਇੱਕ ਮੁਸਲਿਮ ਦੇਸ਼ ਵੱਲੋਂ ਵੀ ਅਜਿਹੀ ਮੰਗ ਆਈ। ਇਰਾਕ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ-ਸੁਦਾਨੀ ਨੇ ਮੰਗਲਵਾਰ ਨੂੰ ਖੁਲ੍ਹ ਕੇ ਕਾਰਡਿਨਲ ਲੁਈਸ ਰਾਫੇਲ ਸਾਕੋ ਦੀ ਪੋਪ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਸੀ ਤੇ ਉਨ੍ਹਾਂ ਨੂੰ “ਮਿਡਲ ਈਸਟ ਤੋਂ ਇੱਕਲੌਤਾ ਉਮੀਦਵਾਰ” ਦੱਸਿਆ ਸੀ।
ਟਰੰਪ ਦੇ 100 ਦਿਨਾਂ ਦਾ ਕਾਰਜਕਾਲ
ਟਰੰਪ ਨੂੰ ਵ੍ਹਾਈਟ ਹਾਊਸ ਵਿੱਚ ਵਾਪਸੀ ਕਰਕੇ 100 ਦਿਨਾਂ ਤੋਂ ਵੱਧ ਹੋ ਚੁੱਕੇ ਹਨ। ਇਸ ਦੌਰਾਨ ਉਹਨਾਂ ਨੇ ਕਈ ਵੱਡੇ ਫ਼ੈਸਲੇ ਕੀਤੇ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ‘ਤੇ ਆਲੋਚਨਾ ਵੀ ਹੋਈ। ਟਰੰਪ ਦੇ ਟੈਰੀਫ਼ ਲਗਾਉਣ ਕਾਰਨ ਅਮਰੀਕਾ ਦੇ ਕਈ ਦੇਸ਼ਾਂ ਨਾਲ ਸੰਬੰਧ ਖਰਾਬ ਹੋ ਗਏ ਹਨ। ਇਨ੍ਹਾਂ ਤੋਂ ਇਲਾਵਾ, ਮਿਡਲ ਈਸਟ ਅਤੇ ਰੂਸ-ਯੂਕਰੇਨ ਜੰਗ ਵਿੱਚ ਵੀ ਉਹਨਾਂ ਦੀ ਨੀਤੀ ਨਾਕਾਮ ਦਿੱਖ ਰਹੀ ਹੈ। ਇਨ੍ਹਾਂ ਸਭ ਦੇ ਬਾਵਜੂਦ, ਟਰੰਪ ਆਪਣੇ ਬਿਆਨਾਂ ਅਤੇ ਕਦਮਾਂ ਨੂੰ ਲੈ ਕੇ ਪੂਰਾ ਆਤਮਵਿਸ਼ਵਾਸ ਦਿਖਾ ਰਹੇ ਹਨ ਅਤੇ ਅਮਰੀਕਾ ਨੂੰ ਮੁੜ ਮਹਾਨ ਬਣਾਉਣ ਦਾ ਦਾਅਵਾ ਕਰ ਰਹੇ ਹਨ।