ਜਗਤਾਰ ਸਿੰਘ ਸਿੱਧੂ;
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਨਿਵੇਕਲੀ ਪਹਿਚਾਣ ਵਾਲੇ ਆਗੂ ਨਵਜੋਤ ਸਿੱਧੂ ਬਗੈਰ ਕਾਂਗਰਸ ਦੇ ਏਕੇ ਦੀ ਗੱਲ ਕਿੰਨੀ ਕੁ ਸਾਰਥਕ ਰਹੇਗੀ? ਇਹ ਸਵਾਲ ਬੀਤੇ ਕੱਲ੍ਹ ਦਿੱਲੀ ਵਿੱਚ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਵਲੋ ਦਿੱਲੀ ਵਿੱਚ ਹੋਈ ਮੀਟਿੰਗ ਮਗਰੋਂ ਰਾਜਸੀ ਅਤੇ ਮੀਡੀਆ ਹਲਕਿਆਂ ਵਿੱਚ ਉੱਭਰਕੇ ਸਾਹਮਣੇ ਆਇਆ ਹੈ। ਦਿੱਲੀ ਦੀ ਮੀਟਿੰਗ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ , ਰਾਣਾ ਗੁਰਜੀਤ ਸਿੰਘ , ਪ੍ਰਗਟ ਸਿੰਘ ਅਤੇ ਕਈ ਹੋਰ ਵੱਡੇ ਆਗੂ ਸ਼ਾਮਲ ਹੋਏ। ਇਨਾਂ ਵਿਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸੇਰ ਸਿੰਘ ਦੂਲੋਂ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਸਿੰਘ ਭੱਠਲ ਦਾ ਜਿਕਰ ਕਰਨਾ ਬਣਦਾ। ਜੇਕਰ ਮੀਟਿੰਗ ਅੰਦਰ ਪੁੱਜੇ ਇਨਾਂ ਕੱਦਾਵਰ ਆਗੂਆਂ ਦਾ ਜਿਕਰ ਕਰੀਏ ਤਾਂ ਕਈ ਹਨ ਜਿਹੜੇ ਕਿ ਇਕਦੂਜੇ ਦੇ ਖਿਲਾਫ ਖੁੱਲਕੇ ਬੋਲਦੇ ਰਹੇ ਹਨ। ਬਜੁਰਗ ਨੇਤਾ ਦੂਲੋੰ ਤਾਂ ਕਈ ਮਾਮਲਿਆਂ ਵਿੱਚ ਬਹੁਤ ਸਖਤ ਟਿੱਪਣੀ ਕਰ ਜਾਂਦੇ ਹਨ। ਕੁਝ ਦਿਨ ਪਹਿਲਾਂ ਤੱਕ ਸੁਖਪਾਲ ਖਹਿਰਾ ਅਤੇ ਰਾਣਾ ਗੁਰਜੀਤ ਸਿੰਘ ਦੀ ਮੱਕੀ ਦਾ ਬੀਜ ਬੀਜਣ ਤੋਂ ਪਹਿਲਾਂ ਹੀ ਖਿਲਰਦਾ ਪੰਜਾਬੀਆਂ ਨੇ ਵੇਖਿਆ ਹੈ। ਰਾਜਾ ਵੜਿੰਗ ਨੂੰ ਰਾਣਾ ਗੁਰਜੀਤ ਸਿੰਘ ਵਲੋਂ ਦਿੱਤੀ ਚੁਣੌਤੀ ਵੀ ਸਭ ਦੇ ਸਾਹਮਣੇ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਬਾਰੇ ਇਕ ਰਿਪੋਰਟ ਮੀਡੀਆ ਵਿੱਚ ਆਈ ਕਿ ਪਾਰਟੀ ਦੇ ਆਗੂਆਂ ਨੂੰ ਨਾਲ ਲੈ ਕੇ ਨਹੀਂ ਚਲਦੇ ਅਤੇ ਕਿਹਾ ਗਿਆ ਕਿ ਇਹ ਰਿਪੋਰਟ ਪਾਰਟੀ ਹਾਈਕਮਾਂਡ ਨੂੰ ਭੇਜੀ ਗਈ ਹੈ। ਇਹ ਸਾਰੇ ਆਗੂ ਦਿੱਲੀ ਦੀ ਮੀਟਿੰਗ ਵਿੱਚ ਹਾਜ਼ਰ ਸਨ ਜਿਥੇ ਕਿ ਹੋਰ ਮਾਮਲਿਆਂ ਦੇ ਇਲਾਵਾ ਪਾਰਟੀ ਦੇ ਅਨੁਸ਼ਾਸਨ ਅਤੇ ਇਕ ਦੂਜੇ ਵਿਰੁੱਧ ਨਾ ਬੋਲਣ ਦਾ ਪਾਠ ਪੜ੍ਹਾਇਆ ਗਿਆ। ਇਸ ਮੀਟਿੰਗ ਵਿੱਚ ਨਵਜੋਤ ਸਿੱਧੂ ਦੇ ਨਾ ਹੋਣ ਬਾਰੇ ਸਵਾਲ ਤਾਂ ਉੱਠਣੇ ਸੁਭਾਵਿਕ ਹਨ। ਉਹ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਕਾਂਗਰਸ ਦੀਆਂ ਸਰਗਰਮੀਆਂ ਤੋਂ ਪਾਸੇ ਹਨ।
ਸਵਾਲ ਤਾਂ ਇਹ ਵੀ ਉੱਠਦਾ ਹੈ ਕਿ ਪੰਜਾਬ ਕਾਂਗਰਸ ਦੇ ਨਵੇਂ ਬਣੇ ਇੰਚਾਰਜ ਭੁਪੇਸ਼ ਬਘੇਲ ਦੀ ਅਹੁਦਾ ਸੰਭਾਲਣ ਤੋਂ ਬਾਅਦ ਸਿੱਧੂ ਨਾਲ ਕੋਈ ਮੁਲਾਕਾਤ ਹੋਈ ਹੈ? ਪੰਜਾਬ ਕਾਂਗਰਸ ਆ ਰਹੀ ਸਤਾਈ ਦੀ ਵਿਧਾਨ ਸਭਾ ਚੋਣ ਲਈ ਤਿਆਰੀਆਂਕਰ ਰਹੀ ਹੈ। ਨਵਜੋਤ ਸਿੱਧੂ ਦੀ ਪੰਜਾਬੀਆਂ ਵਿੱਚ ਇਕ ਨਿਧੜਕ ਅਤੇ ਬੇਦਾਗ ਆਗੂ ਵਜੋਂ ਆਪਣੀ ਵੱਖਰੀ ਪਹਿਚਾਣ ਹੈ। ਮਿਸਾਲ ਵਜੋਂ ਸਿੱਧੂ ਨੇ ਮਾਲਵਾ ਦੇ ਸਭ ਤੋਂ ਵਡੇ ਪਿੰਡ ਮਹਿਰਾਜ ਵਿੱਚ ਰੈਲੀ ਕੀਤੀ ਸੀ ਤਾਂ ਲੋਕਾਂ ਦਾ ਵੱਡਾ ਹੁੰਗਾਰਾ ਮਿਲਿਆ ਸੀ ।ਉਸ ਰੈਲੀ ਦਾ ਆਯੋਜਿਨ ਵੀ ਪਿੰਡ ਦੇ ਟਕਸਾਲੀ ਕਾਂਗਰਸੀ ਪਰਿਵਾਰ ਦੇ ਨੌਜਵਾਨ ਆਗੂ ਰਾਜਬੀਰ ਵਲੋਂ ਕੀਤਾ ਗਿਆ ਸੀ। ਇਹ ਪਿੰਡ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਹੈ ।ਉਸ ਰੈਲੀ ਨੂੰ ਅਸਫਲ ਬਨਾਉਣ ਲਈ ਉਸੇ ਦਿਨ ਹੀ ਪਿੰਡ ਵਿੱਚ ਕੁੱਤਿਆਂ ਦੀ ਦੌੜ ਦਾ ਹਾਕਮ ਧਿਰ ਵਲੋ ਪ੍ਰੋਗਰਾਮ ਵੀ ਰੱਖਿਆ ਗਿਆ। ਸਥਿਤੀ ਇਹ ਹੈ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਰੈਲੀ ਕਰਵਾਉਣ ਵਾਲਿਆਂ ਨੂੰ ਕਦੇ ਪੁਛਿਆ ਤੱਕ ਨਹੀਂ ।ਪੰਜਾਬ ਦੇ ਦੁਆਬੇ ਅਤੇ ਮਾਝੇ ਵਿੱਚ ਵੀ ਸਿੱਧੂ ਦਾ ਆਪਣਾ ਅਧਾਰ ਹੈ।
ਕਾਂਗਰਸ ਵਿੱਚ ਅਨੁਸ਼ਾਸਨ ਅਤੇ ਏਕੇ ਲਈ ਉੱਠ ਰਹੇ ਬੁਨਿਆਦੀ ਮੁੱਦਿਆਂ ਨੂੰ ਹੱਲ ਕਰਕੇ ਹੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਚੰਗਾ ਪ੍ਰਦਰਸ਼ਨ ਕਰ ਸਕੇਗੀ। ਬੇਸ਼ੱਕ ਕਾਂਗਰਸ ਦੇ ਨਵੇਂ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਬੇੜੀ ਡੁੱਬਣ ਕੰਢੇ ਹੈ ਪਰ ਅਜੇ ਦਿੱਲੀ ਦੂਰ ਹੈ।
ਸੰਪਰਕਃ 9814002186