ਚੰਡੀਗੜ੍ਹ ‘ਚ ਸੁਖਪਾਲ ਖਹਿਰਾ ਦਾ ਘਰ ਅਟੈਚ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ

Global Team
3 Min Read

ਚੰਡੀਗੜ੍ਹ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਦੇ ਕਪੂਰਥਲਾ ਦੇ ਭੁਲੱਥ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਮਨੀ ਲਾਂਡਰਿੰਗ ਐਕਟ ਤਹਿਤ ਚੰਡੀਗੜ੍ਹ ਦੇ ਸੈਕਟਰ 5 ਸਥਿਤ ਖਹਿਰਾ ਦੇ ਮਕਾਨ ਨੰਬਰ 6 ਨੂੰ ਅਟੈਚ ਕਰ ਲਿਆ ਹੈ। ਈਡੀ ਨੇ ਇਸ ਦੀ ਕੀਮਤ 3.82 ਕਰੋੜ ਰੁਪਏ ਦੱਸੀ ਹੈ। ਇਹ ਜਾਣਕਾਰੀ ਈਡੀ ਹੈੱਡਕੁਆਰਟਰ ਨੇ ਆਪਣੀ ਅਧਿਕਾਰਿਤ ਵੈੱਬਸਾਈਟ ‘ਤੇ ਸਾਂਝੀ ਕੀਤੀ ਹੈ। ਪੋਸਟ ਵਿਚ ਕਿਹਾ ਗਿਆ ਹੈ ਕਿ ਵਿਧਾਇਕ ‘ਤੇ 8 ਮਾਰਚ, 2025 ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ), 2002 ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਈਡੀ ਨੇ ਖਹਿਰਾ ਖ਼ਿਲਾਫ਼ ਡਰੱਗਜ਼ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਹੈ। ਈਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਖਹਿਰਾ ਨੇ ਗੁਰਦੇਵ ਸਿੰਘ ਅਤੇ ਉਸਦੇ ਵਿਦੇਸ਼ੀ ਸਾਥੀਆਂ ਤੋਂ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਤੋਂ ਪ੍ਰਾਪਤ 3.82 ਕਰੋੜ ਰੁਪਏ ਚੋਣ ਪ੍ਰਚਾਰ ਵਿੱਚ ਵਰਤੇ ਸਨ। ਬਦਲੇ ਵਿੱਚ ਖਹਿਰਾ ਨੇ ਨਸ਼ਾ ਤਸਕਰੀ ਵਿੱਚ ਸੁਰੱਖਿਆ ਅਤੇ ਪਾਸਪੋਰਟ ਸੇਵਾਵਾਂ ਪ੍ਰਦਾਨ ਕੀਤੀਆਂ ਸਨ। ਈਡੀ ਵਲੋਂ ਦੱਸਿਆ ਗਿਆ ਹੈ ਕਿ ਪੰਜਾਬ ਪੁਲਿਸ ਵਲੋਂ ਕੀਤੀ ਗਈ ਤਲਾਸ਼ੀ ਦੌਰਾਨ 1800 ਗ੍ਰਾਮ ਹੈਰੋਇਨ, ਇਕ.315 ਬੋਰ ਦੀ ਪਿਸਤੌਲ, ਦੋ ਕਾਰਤੂਸ, ਦੋ ਪਾਕਿਸਤਾਨੀ ਸਿਮ, ਇਕ 32 ਬੋਰ ਦੀ ਰਿਵਾਲਵਰ ਤੇ 24 ਕਾਰਤੂਸ ਤੇ ਇਕ ਖੋਲ, 24 ਸੋਨੇ ਦੇ ਬਿਸਕੁਟ ਤੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਸਨ।ਇਸਦੇ ਨਾਲ ਹੀ 350 ਗ੍ਰਾਮ ਹੈਰੋਇਨ ਇਕ ਪਾਕਿਸਤਾਨੀ ਸਿਮ, ਇਕ 32 ਬੋਰ ਦੀ ਇੰਗਲੈਡ ਦੀ ਬਣੀ ਵੈਬਲੇ ਸਕਾਟ ਰਿਵਾਲਵਰ 24 ਕਾਰਤੂਸ, 24 ਸੋਨੇ ਦੇ ਬਿਸਕੁਟ ਜਿਨ੍ਹਾਂ ਦਾ ਵਜ਼ਨ 333 ਗ੍ਰਾਮ ਹੈ, ਇਕ ਖੋਲ ਮੁਲਜ਼ਮ ਗੁਰਦੇਵ ਸਿੰਘ ਤੋਂ ਬਰਾਮਦ ਕੀਤੇ ਗਏ। ਫ਼ਾਜ਼ਿਲਕਾ ਦੀ ਅਦਾਲਤ ਨੇ ਅਕਤੂਬਰ 2017 ’ਚ ਆਪਣੇ ਇਕ ਆਦੇਸ਼ ’ਚ ਗੁਰਦੇਵ ਸਿੰਘ ਤੇ ਹੋਰ ਅੱਠ ਨੂੰ ਦੋਸ਼ੀ ਠਹਿਰਾਇਆ ਸੀ।

ਇਸ ਕਾਰਵਾਈ ਤੋਂ ਬਾਅਦ ਖਹਿਰਾ ਨੇ ਆਪਣੇ ਐਕਸ ‘ਤੇ ਲਿਖਿਆ ਕਿ ਈਡੀ ਤੋਂ ਕੋਈ ਨੋਟਿਸ ਨਹੀਂ ਮਿਲਿਆ। ਅਜਿਹੀ ਕਾਰਵਾਈ ਨਾਲ ਏਜੰਸੀ ਉਨ੍ਹਾਂ ‘ਤੇ ਮੀਡੀਆ ਟ੍ਰਾਇਲ ਕਰ ਰਹੀ ਹੈ। ਪੰਜਾਬ ਦੇ ਮੁੱਦੇ ਉਠਾਉਣ ਦੇ ਬਦਲੇ ਭਾਜਪਾ ਅਤੇ ‘ਆਪ’ ਨੇ ਮਿਲ ਕੇ ਆਪਣੇ ਵਿਰੁੱਧ ਏਜੰਸੀਆਂ ਦੀ ਦੁਰਵਰਤੋਂ ਕੀਤੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment