ਪਟਿਆਲਾ: ਬੰਬੀਹਾ ਗੈਂਗ ਦਾ ਮੁੱਖ ਅਸਲਾ ਸਪਲਾਇਰ ਸੋਮਵਾਰ ਦੇਰ ਸ਼ਾਮ ਪੰਜਾਬ ਦੇ ਪਟਿਆਲਾ ਵਿੱਚ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਜ਼ਖਮੀ ਹੋ ਗਿਆ ਹੈ। ਮੁਲਜ਼ਮ ਦੀ ਪਛਾਣ ਤਜਿੰਦਰ ਸਿੰਘ ਉਰਫ ਤੇਜੀ ਵਾਸੀ ਪਿੰਡ ਉੱਪਲਹੇੜੀ, ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਨਾਕਾਬੰਦੀ ਦੌਰਾਨ ਜਦੋਂ ਪੁਲਿਸ ਨੇ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੁਲਜ਼ਮ ਨੇ ਪੁਲਿਸ ਦੀ ਗੱਡੀ ’ਤੇ ਦੋ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ‘ਚ ਪੁਲਿਸ ਨੇ ਉਸ ‘ਤੇ ਗੋਲੀ ਚਲਾ ਦਿੱਤੀ, ਜਿਸ ‘ਚ ਗੋਲੀ ਦੋਸ਼ੀ ਦੇ ਪੈਰ ‘ਚ ਲੱਗੀ ।
ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਮੁਲਜ਼ਮ ਤੇਜਿੰਦਰ ਸਿੰਘ ਬੰਬੀਹਾ ਗਰੋਹ ਨਾਲ ਸਬੰਧਿਤ ਸੀ ਅਤੇ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਗਰੋਹ ਨੂੰ ਸਪਲਾਈ ਕਰਦਾ ਸੀ। ਇਨ੍ਹਾਂ ਹਥਿਆਰਾਂ ਦੀ ਵਰਤੋਂ ਗਰੋਹ ਵੱਲੋਂ ਪੰਜਾਬ ਵਿੱਚ ਕਈ ਵਾਰਦਾਤਾਂ ਕਰਨ ਲਈ ਕੀਤੀ ਜਾਂਦੀ ਸੀ। ਐਸਐਸਪੀ ਅਨੁਸਾਰ ਮੁਲਜ਼ਮ ਕੋਲੋਂ ਮੌਕੇ ’ਤੇ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ, ਇੱਕ ਰਿਵਾਲਵਰ ਅਤੇ ਦੋ ਕਾਰਤੂਸ ਬਰਾਮਦ ਹੋਏ ਹਨ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪੰਜ ਕੇਸ ਦਰਜ ਹਨ ਜਿਨ੍ਹਾਂ ਵਿੱਚ ਇੱਕ ਨਸ਼ਾ ਤਸਕਰੀ, ਤਿੰਨ ਅਸਲਾ ਐਕਟ ਅਤੇ ਇੱਕ ਕਤਲ ਦਾ ਹੈ। ਪੁਲਿਸ ਅਨੁਸਾਰ ਸਪੈਸ਼ਲ ਸੈੱਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਤੇਜਿੰਦਰ ਸਿੰਘ ਬਾਈਕ ’ਤੇ ਆ ਰਿਹਾ ਹੈ। ਐਸਐਸਪੀ ਨੇ ਦੱਸਿਆ ਕਿ ਜਦੋਂ ਮੁਲਜ਼ਮ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਪੁਲਿਸ ਦੀ ਕਾਰ ’ਤੇ ਦੋ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਬੋਨਟ ਤੇ ਦੂਜੀ ਕਾਰ ਦੇ ਸਾਈਡ ’ਤੇ ਲੱਗੀ। ਜਵਾਬ ਵਿੱਚ ਪੁਲਿਸ ਨੂੰ ਵੀ ਗੋਲੀ ਚਲਾਉਣੀ ਪਈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਥਾਣਿਆਂ ‘ਚ ਇਹ ਪਤਾ ਲਗਾਇਆ ਜਾਵੇਗਾ ਕਿ ਦੋਸ਼ੀ ਹੋਰ ਕਿਹੜੇ-ਕਿਹੜੇ ਮਾਮਲਿਆਂ ‘ਚ ਲੋੜੀਂਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।