ਜਗਤਾਰ ਸਿੰਘ ਸਿੱਧੂ;
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਨੇ ਮੀਟਿੰਗ ਕਰਕੇ ਆਹੁਦੇ ਤੋਂ ਹਟਾ ਦਿੱਤਾ ਹੈ। ਇਸ ਫੈਸਲੇ ਨਾਲ ਦੁਨੀਆਂ ਭਰ ਵਿੱਚ ਬੈਠੇ ਸਿੱਖ ਭਾਈਚਾਰੇ ਵਿੱਚ ਇੱਕ ਵੱਡੀ ਹਲਚਲ ਮੱਚ ਗਈ ਹੈ। ਪ੍ਰਸਿਥਤੀਆਂ ਇਸ ਕਦਰ ਬਦਲ ਗਈਆਂ ਕਿ ਪਿਛਲੇ ਸਾਲ ਦੋ ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਵੱਖ-ਵੱਖ ਅਕਾਲੀ ਆਗੂਆਂ ਨੂੰ ਤਨਖਾਹ ਲਾਉਣ ਵਾਲੇ ਜਥੇਦਾਰ ਉਪਰ ਹੀ ਸਵਾਲ ਉਠ ਗਏ। ਸਵਾਲ ਵੀ ਕਿਸੇ ਹੋਰ ਵਲੋਂ ਨਹੀਂ ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਵਲੋ ਲਾਏ ਗਏ। ਉਹ ਵੀ ਦਿਨ ਸੀ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਦੂਜੇ ਸਿੰਘ ਸਾਹਿਬਾਨ ਅੱਗੇ ਵੱਡੇ-ਵੱਡੇ ਕੱਦਾਵਰ ਅਕਾਲੀ ਆਗੂ ਕਤਾਰ ਬੰਨ ਕੇ ਖੜ੍ਹੇ ਸਨ। ਇਨਾਂ ਵਿਚ ਸੁਖਬੀਰ ਸਿੰਘ ਬਾਦਲ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਡਾ.ਦਲਜੀਤ ਸਿੰਘ, ਬੀਬੀ ਜਗੀਰ ਕੌਰ ਅਤੇ ਕਈ ਹੋਰ ਸ਼ਾਮਲ ਸਨ। ਹੁਣ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਫੈਸਲਾ ਦੇਣ ਵਾਲਿਆਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਹੀ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਤੋਂ ਸਾਬਕਾ ਜਥੇਦਾਰ ਹੋ ਚੁੱਕੇ ਹਨ ਅਤੇ ਗਿਆਨੀ ਰਘਬੀਰ ਸਿੰਘ ਅਤੇ ਉਸ ਵੇਲੇ ਦੇ ਜਥੇਦਾਰ ਤਖ਼ਤ ਕੇਸਗੜ੍ਹ ਸਾਹਿਬ ਵੀ ਸਾਬਕਾ ਜਥੇਦਾਰਾਂ ਦੀ ਲਿਸਟ ਵਿੱਚ ਆ ਗਏ।
ਪੰਥਕ ਸੰਸਥਾਵਾਂ ਅਤੇ ਜਥੇਬੰਦੀਆਂ ਦੀ ਗੈਰ ਯਕੀਨੀ ਦੀ ਸਥਿਤੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਹਿਲਾਂ ਹੀ ਅਸਤੀਫ਼ਾ ਦੇ ਚੁੱਕੇ ਹਨ ਅਤੇ ਬੇਸ਼ੱਕ ਅਸਤੀਫਾ ਪ੍ਰਵਾਨ ਨਹੀਂ ਹੋਇਆ ਹੈ ਪਰ ਉਹ ਸਾਫ ਆਖ ਚੁੱਕੇ ਹਨ ਕਿ ਅਸਤੀਫਾ ਵਾਪਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ। ਅੱਜ ਦੀ ਕਮੇਟੀ ਦੀ ਮੀਟਿੰਗ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਅਨੁਸਾਰ ਕਾਰਜਕਾਰੀ ਪ੍ਰਧਾਨ ਤਾਂ ਲਗਾ ਦਿੱਤਾ ਹੈ ਪਰ ਸਥਿਤੀ ਵਿਚ ਸੁਧਾਰ ਲਿਆਉਣ ਦੀ ਕੋਸ਼ਿਸ਼ ਫਿਰ ਸਵਾਲਾਂ ਦੇ ਘੇਰੇ ਵਿੱਚ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਨਿਯੁਕਤੀ ਵੀ ਅਗਲੇ ਦਿਨਾਂ ਵਿੱਚ ਹੋਵੇਗੀ।
ਜੇਕਰ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸੁਣਾਏ ਫੈਸਲੇ ਦੀ ਗੱਲ਼ ਕੀਤੀ ਜਾਵੇ ਤਾਂ ਅਜੇ ਤੱਕ ਨਾਂ ਤਾਂ ਭਰਤੀ ਲਈ ਬਣੀ ਸੱਤ ਮੈਂਬਰੀ ਕਮੇਟੀ ਦਾ ਕੋਈ ਨਿਬੇੜਾ ਹੋਇਆ ਅਤੇ ਨਾਂ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਪਾਰਟੀ ਦੀ ਭਰਤੀ ਤੋਂ ਪਿੱਛੇ ਹਟੀ। ਹੁਣ ਦੋ ਦਿਨ ਪਹਿਲਾਂ ਭਰਤੀ ਵਾਲੀ ਬਚੀ ਪੰਜ ਮੈਂਬਰੀ ਕਮੇਟੀ ਵਲੋਂ ਅਠਾਰਾਂ ਮਾਰਚ ਨੂੰ ਅਕਾਲ ਤਖਤ ਸਾਹਿਬ ਕੰਪਲੈਕਸ ਵਿੱਚ ਵਡੇ ਪੰਥਕ ਇਕੱਠ ਕਰਨ ਦੇ ਹੋਏ ਐਲਾਨ ਦਾ ਕੀ ਬਣੇਗਾ? ਨਾਂ ਤਾਂ ਕਮੇਟੀ ਨੂੰ ਥਾਪੜਾ ਦੇਣ ਵਾਲਾ ਜਥੇਦਾਰ ਰਿਹਾ ਅਤੇ ਕਮੇਟੀ ਦਾ ਕਨਵੀਨਰ ਧਾਮੀ ਰਿਹਾ? ਇਹ ਸਾਰਾ ਕੁਝ ਕਰਨ ਲਈ ਬਣੇ ਅਕਾਲੀ ਦਲ ਨੂੰ ਕੌਣ ਮਜ਼ਬੂਤ ਕਰੇਗਾ? ਖੈਰ, ਇਹ ਫੈਸਲਾ ਪੰਥ ਤੇ ਛੱਡਿਆ ਗਿਆ ਹੈ ਕਿਉਂਕਿ ਪੰਥ ਦਾ ਸਦੀਆਂ ਤੋਂ ਵਿਗਾੜਨ ਵਾਲੇ ਕਈ ਪੈਦਾ ਹੁੰਦੇ ਰਹੇ ਹਨ ਪਰ ਅਜਿਹਿਆਂ ਦੇ ਸੁਪਨੇ ਕਦੇ ਸਾਕਾਰ ਨਹੀਂ ਹੋਏ।
ਸੰਪਰਕ: 9814002186