ਜਗਤਾਰ ਸਿੰਘ ਸਿੱਧੂ;
ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਵਿੱਚ ਅਜੇ ਦੋ ਸਾਲ ਰਹਿੰਦੇ ਹਨ ਕਿਉਂ ਜੋ ਚੋਣਾਂ 2027 ਵਿੱਚ ਹੋਣੀਆਂ ਹਨ ਪਰ ਰਾਜਸੀ ਧਿਰਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪੰਜਾਬ ਦੀ ਮੌਜੂਦਾ ਸਥਿਤੀ ਇਹ ਹੈ ਕਿ ਸਾਰੀਆਂ ਵੱਡੀਆਂ ਧਿਰਾਂ ਆਪੋ ਆਪਣੇ ਬਲਬੂਤੇ ਚੋਣ ਲੜਨ ਦੀ ਤਿਆਰੀ ਕਰ ਰਹੀਆਂ ਹਨ। ਹਾਕਮ ਧਿਰ ਤਾਂ ਪੰਜਾਬ ਵਿੱਚ ਆਪਣੇ ਤੌਰ ਉੱਤੇ ਹੀ ਚੋਣ ਲੜੇਗੀ ਪਰ ਮੁੱਖ ਵਿਰੋਧੀ ਧਿਰ ਕਾਂਗਰਸ ਵੀ ਆਪਣੇ ਤੌਰ ਉੱਤੇ ਮੈਦਾਨ ਵਿੱਚ ਉੱਤਰ ਰਹੀ ਹੈ ਅਤੇ ਦੋਵੇਂ ਧਿਰਾਂ ਇਕ ਦੂਜੇ ਨਾਲ ਟਕਰਾਅ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੀਆਂ ।ਜੇਕਰ ਦੂਜੀਆਂ ਧਿਰਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਅਜੇ ਪੰਜਾਬ ਅੰਦਰ ਜ਼ਮੀਨ ਤਲਾਸ਼ ਰਹੀਆਂ ਹਨ। ਇੰਨਾਂ ਧਿਰਾਂ ਵਿੱਚੋਂ ਕੌਣ ਚੋਣ ਨੇੜੇ ਜਾਕੇ ਕਿਸੇ ਦੂਜੀ ਧਿਰ ਨਾਲ ਗੱਠਜੋੜ ਕਰ ਲਏ, ਇਸ ਦਾ ਅੰਦਾਜ਼ਾ ਤਾਂ ਅਜੇ ਨਹੀਂ ਲੱਗ ਸਕਦਾ ਪਰ ਅੱਜ ਦੀ ਸਥਿਤੀ ਵਿੱਚ ਇਹ ਸਾਰੀਆਂ ਅਲੱਗ ਅਲੱਗ ਹਨ ਅਤੇ ਕੋਈ ਇੱਕਲੀ ਧਿਰ ਸਤਾ ਹਾਸਲ ਕਰਨ ਤੋਂ ਦੂਰ ਹੈ। ਮਿਸਾਲ ਵਜੋਂ ਬਹੁਜਨ ਸਮਾਜ ਪਾਰਟੀ ਦਾ ਪਿਛਲੇ ਕਾਫ਼ੀ ਸਮੇਂ ਤੋਂ ਵਿਧਾਨ ਸਭਾ ਵਿੱਚ ਦੀਵਾ ਨਹੀਂ ਜਗਿਆ ਪਰ ਹੁਣ ਪਾਰਟੀ ਸਰਗਰਮ ਹੈ। ਬਸਪਾ ਵਲੋਂ ਪੰਦਰਾਂ ਮਾਰਚ ਨੂੰ ਫਗਵਾੜਾ ਵਿਖੇ ਪੰਜਾਬ ਸੰਭਾਲੋ ਰੈਲੀ ਕੀਤੀ ਜਾ ਰਹੀ ਹੈ। ਬਸਪਾ ਦਾ ਦਾਅਵਾ ਹੈ ਕਿ ਸਰਕਾਰ ਬਦਲਕੇ ਪੰਜਾਬ ਦੀ ਸਥਿਤੀ ਸੁਧਾਰੀ ਜਾਵੇਗੀ। ਪਿਛਲੀ ਵਿਧਾਨ ਸਭਾ ਚੋਣ ਵਿੱਚ ਅਕਾਲੀ ਦਲ ਅਤੇ ਬਸਪਾ ਦੀ ਸਾਂਝ ਸੀ। ਜੇਕਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਪਾਰਟੀ ਅੰਦਰੂਨੀ ਕਲੇਸ਼ ਵਿੱਚ ਉਲਝੀ ਹੋਈ ਹੈ ਅਤੇ ਜੇਕਰ ਆ ਰਹੀ ਵਿਧਾਨ ਸਭਾ ਚੋਣ ਵਿੱਚ ਅਕਾਲੀ ਬਦਲ ਨੇ ਦੂਜੀਆਂ ਧਿਰਾਂ ਦਾ ਮੁਕਾਬਲਾ ਕਰਨਾ ਹੈ ਤਾਂ ਆਪਣੀ ਅੰਦਰਲੀ ਹਾਲਤ ਠੀਕ ਕਰਨੀ ਹੋਵੇਗੀ। ਭਾਰਤੀ ਜਨਤਾ ਪਾਰਟੀ ਵੀ ਆ ਰਹੀ ਵਿਧਾਨ ਸਭਾ ਚੋਣ ਵਿੱਚ ਇੱਕਲੇ ਹੀ ਚੋਣ ਲੜਨ ਦਾ ਐਲਾਨ ਕਰ ਚੁੱਕੀ ਹੈ। ਭਾਜਪਾ ਬਾਰੇ ਇਹ ਕਹਿਣਾ ਵੀ ਜ਼ਰੂਰੀ ਹੈ ਕਿ ਪਾਰਟੀ ਲਗਾਤਾਰ 27 ਵਿਚ ਆਪਣੀ ਸਰਕਾਰ ਬਨਾਉਣ ਦਾ ਦਾਅਵਾ ਕਰ ਰਹੀ ਹੈ। ਭਾਜਪਾ ਜਿਥੇ ਹਾਕਮ ਧਿਰ ਆਪ ਦੀ ਤਿੱਖੀ ਅਲੋਚਨਾ ਕਰ ਰਹੀ ਹੈ ਉੱਥੇ ਸੂਬੇ ਦੇ ਲੋਕਾਂ ਅੱਗੇ ਭਾਜਪਾ ਨੂੰ ਬਦਲ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।
ਹਾਕਮ ਧਿਰ ਆਪ ਵਲੋ ਦਿੱਲੀ ਵਿਧਾਨ ਸਭਾ ਦੀ ਚੋਣ ਹਾਰਨ ਬਾਅਦ ਪੰਜਾਬ ਵਿੱਚ ਆਪ ਵਧੇਰੇ ਸਰਗਰਮ ਨਜ਼ਰ ਆ ਰਹੀ ਹੈ। ਖਾਸ ਤੌਰ ਉਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਨਸ਼ਿਆਂ ਦੇ ਖਾਤਮੇ ਲਈ ਤਕੜੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਨਸ਼ਾ ਤਸਕਰਾਂ ਦੇ ਮਕਾਨਾਂ ਉੱਤੇ ਬੁਲਡੋਜ਼ਰ ਚਲ ਰਹੇ ਹਨ ਪਰ ਵਿਰੋਧੀ ਧਿਰ ਇਸ ਨੂੰ ਚੋਣ ਸਟੰਟ ਆਖ ਰਹੀ ਹੈ। ਇਹ ਦੇਖਿਆ ਜਾਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਦੇ ਕਿਹੋ ਜਿਹੇ ਨਤੀਜੇ ਸਾਹਮਣੇ ਆਉਂਦੇ ਹਨ। ਰੁਜ਼ਗਾਰ ਅਤੇ ਖੇਤੀ ਸੈਕਟਰ ਵੱਡੇ ਮੁੱਦੇ ਹਨ। ਅੱਜ ਦੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸਨਅਤਕਾਰਾਂ ਨੂੰ ਪਲਾਟਾਂ ਦੇ ਬਕਾਇਆ ਪਏ ਕੇਸਾਂ ਵਿੱਚ ਰਆਇਤਾਂ ਦੇਣ ਦਾ ਵੱਡਾ ਦਾਅਵਾ ਕੀਤਾ ਗਿਆ ਹੈ।
ਵਿਰੋਧੀ ਧਿਰ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਵਲੋਂ ਵੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨਾਲ ਮੀਟਿੰਗਾਂ ਕਰਕੇ ਪਾਰਟੀ ਨੂੰ ਚੋਣ ਤੋਂ ਪਹਿਲਾਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੰਪਰਕ: 9814002186