IMD ਦੀ ਚਿਤਾਵਨੀ! ਅੱਤ ਦੀ ਗਰਮੀ ਲਈ ਹੋ ਜਾਓ ਤਿਆਰ, ਮਾਰਚ ਤੋਂ ਹੀ ਸ਼ੁਰੂ ਹੋ ਜਾਵੇਗਾ ਕਹਿਰ

Global Team
3 Min Read

ਨਿਊਜ਼ ਡੈਸਕ: ਲਾ ਨੀਨਾ ਦੇ ਅਸਰ ਕਾਰਨ ਪ੍ਰਸ਼ਾਂਤ ਮਹਾਸਾਗਰ ‘ਚ ਹੋ ਰਹੀ ਸਰਗਰਮੀ ਦਾ ਪ੍ਰਭਾਵ ਹੁਣ ਮੌਸਮ ‘ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਇਸ ਵਾਰੀ ਮੌਸਮ ਬਯੇਕੀਨੀ ਹੋ ਸਕਦਾ ਹੈ, ਤੇ ਆਉਣ ਵਾਲੇ ਦਿਨਾਂ ‘ਚ ਵੀ ਇਹ ਬਦਲਾਅ ਜਾਰੀ ਰਹਿਣ ਦੀ ਉਮੀਦ ਹੈ। ਠੰਢ ਦੇ ਹੌਲੀ-ਹੌਲੀ ਘਟਣ ਤੋਂ ਬਾਅਦ ਹੁਣ ਗਰਮੀ ਵਧਣ ਲਈ ਤਿਆਰ ਰਹਿਣਾ ਪਵੇਗਾ। ਮਾਰਚ ਤੋਂ ਮਈ ਤੱਕ ਦੇਸ਼ ਦੇ ਵੱਡੇ ਹਿੱਸੇ ‘ਚ ਤਾਪਮਾਨ ਕਾਫੀ ਉੱਚਾ ਰਹਿ ਸਕਦਾ ਹੈ, ਜਿਸ ਕਾਰਨ ਪ੍ਰਚੰਡ ਗਰਮੀ ਦੀ ਸੰਭਾਵਨਾ ਹੈ।

ਭਾਰਤੀ ਮੌਸਮ ਵਿਭਾਗ (IMD) ਨੇ ਸ਼ੁੱਕਰਵਾਰ ਨੂੰ ਅਗਲੇ ਤਿੰਨ ਮਹੀਨਿਆਂ ਲਈ ਜਾਰੀ ਕੀਤੇ ਅਨੁਮਾਨ ‘ਚ ਕਿਹਾ ਕਿ ਇਸ ਵਾਰ ਤਾਪਮਾਨ ਆਮ ਤੋਂ ਵੱਧ ਰਹਿਣ ਦੀ ਉਮੀਦ ਹੈ। ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਦਿਨ ਦੇ ਸਮੇਂ ‘ਚ ਤਾਪਮਾਨ ਖੂਬ ਚੜ੍ਹ ਸਕਦਾ ਹੈ ਅਤੇ ਲੂ ਵੀ ਜ਼ਿਆਦਾ ਚੱਲ ਸਕਦੀ ਹੈ। ਪਿਛਲੇ ਕੁਝ ਸਾਲਾਂ ਦੀ ਤੁਲਨਾ ‘ਚ ਇਸ ਵਾਰ ਲੂ ਦੇ ਦਿਨ ਵਧਣ ਦੀ ਸੰਭਾਵਨਾ ਹੈ। ਮਾਰਚ ਦੇ ਦੂਜੇ ਹਫ਼ਤੇ ਤੋਂ ਹੀ ਤਾਪਮਾਨ ਵਿੱਚ ਤੀਬਰਤਾ ਆ ਸਕਦੀ ਹੈ।

ਇਹ ਹਾਲਾਤ ਖੇਤੀਬਾੜੀ ‘ਤੇ ਵੀ ਪ੍ਰਭਾਵ ਪਾ ਸਕਦੇ ਹਨ, ਖਾਸ ਕਰਕੇ ਗਰਮੀਆਂ ਦੀਆਂ ਫਸਲਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। IMD ਨੇ ਮੌਸਮ ਵਿੱਚ ਆਉਣ ਵਾਲੇ ਇਸ ਬਦਲਾਅ ਨੂੰ “ਲਾ ਨੀਨਾ” ਨਾਲ ਜੋੜਿਆ ਹੈ, ਜੋ ਕਿ ਪ੍ਰਸ਼ਾਂਤ ਮਹਾਸਾਗਰ ਦੀ ਸਤ੍ਹਾ ਉੱਤੇ ਆਮ ਤੋਂ ਵੱਧ ਗਰਮੀ ਕਾਰਨ ਵਾਪਰਦਾ ਹੈ। ਇਹ ਪਰਿਵਰਤਨ ਭਾਰਤੀ ਮਹਾਦਵੀਪ ਦੇ ਮੌਸਮ ‘ਤੇ ਡੂੰਘਾ ਅਸਰ ਪਾਂਦਾ ਹੈ। ਲਾ ਨੀਨਾ ਦੇ ਹੀ ਪ੍ਰਭਾਵ ਕਰਕੇ ਇਸ ਵਾਰ ਦਸੰਬਰ-ਜਨਵਰੀ ਵਿੱਚ ਜ਼ਿਆਦਾ ਠੰਢ ਨਹੀਂ ਪਈ, ਅਤੇ ਫਰਵਰੀ ਦੇ ਪਹਿਲੇ ਹਫ਼ਤੇ ਤੋਂ ਹੀ ਤਾਪਮਾਨ ਵਿੱਚ ਤੇਜ਼ ਵਾਧਾ ਆਉਣ ਲੱਗਿਆ।

ਮੌਸਮ ਵਿਗਿਆਨੀਆਂ ਨੇ 2024 ਨੂੰ ਤਕਰੀਬਨ ਸਭ ਤੋਂ ਗਰਮ ਸਾਲ ਦੱਸਿਆ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਤਾਪਮਾਨ ਵਿੱਚ ਆ ਰਹੇ ਚੜ੍ਹਾਅ-ਉਤਰਾਅ ਇਹ ਦਰਸਾ ਰਹੇ ਹਨ ਕਿ ਇਹ ਸਾਲ ਵੀ ਪਹਿਲਾ ਤੋਂ ਵੱਧ ਗਰਮ ਹੋ ਸਕਦਾ ਹੈ। ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ, ਦੱਖਣ ਦੇ ਕੁਝ ਹਿੱਸਿਆਂ, ਅਤੇ ਉੱਤਰੀ-ਪੂਰਬੀ ਭਾਰਤ ਵਿੱਚ ਕਿਸੇ ਹੱਦ ਤੱਕ ਤਾਪਮਾਨ ਆਮ ਰਹਿ ਸਕਦਾ ਹੈ, ਕਿਉਂਕਿ ਇਨ੍ਹਾਂ ਹਲਕਿਆਂ ਵਿੱਚ ਵਾਰ-ਵਾਰ ਹੋਣ ਵਾਲੀ ਬਾਰਿਸ਼ ਕੁਝ ਹੱਦ ਤੱਕ ਗਰਮੀ ਨੂੰ ਕੰਟਰੋਲ ਕਰ ਸਕਦੀ ਹੈ।

IMD ਨੇ ਉਨ੍ਹਾਂ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ ਹੈ, ਜਿੱਥੇ ਤਾਪਮਾਨ ਆਮ ਤੋਂ ਕਾਫੀ ਵੱਧ ਰਹਿ ਸਕਦਾ ਹੈ, ਜਿਵੇਂ ਕਿ: NCR (ਦਿੱਲੀ), ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ, ਝਾਰਖੰਡ, ਮਹਾਰਾਸ਼ਟਰ, ਗੁਜਰਾਤ, ਓਡੀਸ਼ਾ, ਅਤੇ ਤੇਲੰਗਾਨਾ।

Share This Article
Leave a Comment