ਅਮਰੀਕਾ ਤੋਂ ਡਿਪੋਰਟ ਭਾਰਤੀ! ਹੋਰ ਕਿੰਨੇ ਪੰਜਾਬੀਆਂ ਦੀ ਵਾਪਸੀ?

Global Team
3 Min Read

ਜਗਤਾਰ ਸਿੰਘ ਸਿੱਧੂ;

ਅਮਰੀਕਾ ਵਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਸਖਤੀ ਦਾ ਅੱਜ ਵੱਡਾ ਝਟਕਾ ਉਸ ਵੇਲੇ ਲੱਗਾ ਜਦੋਂ ਇਕ ਸੌ ਚਾਰ ਭਾਰਤੀਆਂ ਨੂੰ ਅਮਰੀਕਾ ਦਾ ਫੌਜੀ ਹਵਾਈ ਜਹਾਜ਼ ਲੈ ਕੇ ਅੰਮ੍ਰਿਤਸਰ ਏਅਰ ਪੋਰਟ ਤੇ ਬਾਅਦ ਦੁਪਹਿਰ ਉਤਰਿਆ।ਇਨਾਂ ਵਿਚ ਤੀਹ ਪੰਜਾਬੀ ਹਨ। ਹਰਿਆਣਾ ਦੇ ਤੇਤੀ ਅਤੇ ਗੁਜਰਾਤ ਦੇ ਤੇਤੀ ਲੋਕ ਹਨ।ਦੋ ਵਿਅਕਤੀ ਚੰਡੀਗੜ ਦੇ ਹਨ ਅਤੇ ਬਾਕੀ ਹੋਰ ਵੱਖ-ਵੱਖ ਸੂਬਿਆਂ ਦੇ ਹਨ। ਇਹ ਸਾਰੇ ਡੰਕੀ ਰੂਟ ਅਤੇ ਹੋਰ ਕਈ ਢੰਗ ਤਰੀਕਿਆਂ ਨਾਲ ਗੈਰਕਾਨੂੰਨੀ ਤੌਰ ਤੇ ਅਮਰੀਕਾ ਗਏ। ਇਹ ਸਾਰੇ ਨੌਜਵਾਨ ਹਨ ।ਇਨਾਂ ਵਿਚ ਔਰਤਾਂ ਵੀ ਸ਼ਾਮਲ ਹਨ।ਪਰਤਣ ਵਾਲਿਆਂ ਦੀਆਂ ਉਮਰਾਂ ਵੀ ਤਕਰੀਬਨ ਅਠਾਰਾਂ ਸਾਲ ਤੋਂ ਲੈਕੇ ਚਾਲੀ ਸਾਲ ਤੋ ਘੱਟ ਹੀ ਹਨ।ਅਮਰੀਕਾ ਵਲੋਂ ਸਤਾਰਾਂ ਸੌ ਗੈਰ ਕਾਨੂੰਨੀ ਰਹਿ ਰਹੇ ਭਾਰਤੀ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਇਕ ਸੌ ਚਾਰ ਲੋਕਾਂ ਨੂੰ ਵਿਸ਼ੇਸ਼ ਫ਼ੌਜੀ ਜਹਾਜ਼ ਰਾਹੀਂ ਪੰਜਾਬ ਦੇ ਏਅਰ ਪੋਰਟ ਤੇ ਛੱਡਿਆ ਗਿਆ ਹੈ । ਅਜੇ ਇਹ ਨਹੀਂ ਪਤਾ ਕਿ ਬਾਕੀ ਕਦੋਂ ਆਉਣਗੇ।।ਕੁਲ ਸੱਤ ਲੱਖ ਪੰਝੀ ਹਜ਼ਾਰ ਭਾਰਤੀ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਰਹਿ ਰਹੇ ਹਨ। ਜਿਹੜੇ ਅਜੇ ਵੀ ਅਮਰੀਕਾ ਪੁਲਿਸ ਅੱਗੇ ਪੇਸ਼ ਨਹੀਂ ਹੋਣਗੇ ਉਨ੍ਹਾਂ ਨੂੰ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਜਿੰਦਗੀ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

ਅਜੇ ਅੰਮ੍ਰਿਤਸਰ ਏਅਰਪੋਰਟ ਤੇ ਅਮਰੀਕਾ ਤੋਂ ਡਿਪੋਰਟ ਹੋਏ ਵਤਨ ਪਰਤੇ ਲੋਕਾਂ ਕੋਲੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿਉਂਕਿ ਇਨਾਂ ਦਾ ਗੈਰ ਕਾਨੂੰਨੀ ਪਰਵਾਸ ਸੀ। ਅਮਰੀਕਾ ਨੇ ਉਨਾਂ ਨੂੰ ਕੈਦ ਕਰਕੇ ਡਿਪੋਰਟ ਕੀਤਾ ਹੈ ਜੋ ਕਿ ਆਪਣੇ ਆਪ ਵਿੱਚ ਸਖਤੀ ਦਾ ਸੁਨੇਹਾ ਹੈ। ਉਨਾਂ ਤੋਂ ਪਤਾ ਕੀਤਾ ਜਾ ਰਿਹਾ ਹੈ ਕਿ ਕਿਹੜੀਆਂ ਪ੍ਰਸਥਿਤੀਆਂ ਅਤੇ ਕਿਹੜੇ ਢੰਗ ਨਾਲ ਗਏ। ਇਹ ਵੀ ਸੰਭਵ ਹੈ ਕਿ ਬਾਅਦ ਵਿੱਚ ਵੀ ਉਨਾਂ ਨੂੰ ਪੁਲਿਸ ਜਾਂ ਕੇਂਦਰ ਦੀਆਂ ਏਜੰਸੀਆਂ ਦੀਆਂ ਪੇਸ਼ੀਆਂ ਭੁਗਤਣੀਆਂ ਪੈਣ।

ਇਸ ਸਾਰੇ ਮਾਮਲੇ ਵਿੱਚ ਜਿਸ ਤਰ੍ਹਾਂ ਬੇੜੀਆਂ ਪਾਕੇ ਉਨਾ ਨੂੰ ਵਾਪਸ ਭੇਜਿਆ ਗਿਆ ਹੈ ਉਸ ਬਾਰੇ ਕੇਂਦਰ ਸਰਕਾਰ ਦੀ ਵੀ ਅਮਰੀਕਾ ਨਾਲ ਗੱਲ ਕਰਨੀ ਬਣਦੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਚੰਗੀ ਦੋਸਤੀ ਹੈ ਤਾਂ ਡਿਪੋਰਟ ਦੇ ਮਾਮਲੇ ਵਿੱਚ ਭਾਰਤ ਦਾ ਪੱਖ ਰੱਖਿਆ ਜਾਵੇ। ਇਹ ਲੋਕ ਲੱਖਾਂਰੁਪਏ ਖਰਚ ਕਰਕੇ ਅਮਰੀਕਾ ਕਿਵੇਂ ਨਾ ਕਿਵੇਂ ਪੁੱਜੇ । ਇਹ ਸਧਾਰਨ ਪਰਿਵਾਰਾਂ ਦੇ ਬੱਚੇ ਹਨ ਅਤੇ ਰੁਜ਼ਗਾਰ ਦੀ ਮਜਬੂਰੀ ਵਿੱਚ ਵਿਦੇਸ਼ ਗਏ । ਇਨਾਂ ਦੇ ਘਰਾਂ ਵਿੱਚ ਪਤਾ ਲਗਦਿਆਂ ਹੀ ਉਦਾਸੀ ਛਾ ਗਈ ।ਕਈ ਡੰਕੀ ਵਰਗੇ ਖਤਰਨਾਕ ਰੂਟ ਰਾਹੀਂ ਜਾਨ ਖਤਰੇ ਵਿੱਚ ਪਾਕੇ ਪੁੱਜੇ । ਕਈ ਵੀਜ਼ਾ ਖਤਮ ਹੋਣ ਬਾਅਦ ਵੀ ਵਾਪਸ ਨਾ ਆਏ। ਕਈ ਨੌਜਵਾਨ ਪੜ੍ਹਾਈ ਲਈ ਗਏ ਪਰ ਵਾਪਸ ਨਾ ਪਰਤੇ ਅਤੇ ਸਾਰੇ ਗੈਰ ਕਾਨੂੰਨੀ ਢੰਗ ਨਾਲ ਰਹਿਕੇ ਪੱਕੇ ਰਹਿਣ ਦੀ ਕੋਸ਼ਿਸ਼ ਕਰਦੇ ਰਹੇ ।
ਵੱਡਾ ਸਵਾਲ ਤਾਂ ਇਹ ਹੈ ਕਿ ਇਹ ਨੌਜਵਾਨ ਵਿਦੇਸ਼ ਜਾਣ ਲਈ ਮਜਬੂਰ ਕਿਉਂ ਹੋਏ? ਕੀ ਆਪਣਾ ਦੇਸ਼ ਆਪਣੀ ਜੁਆਨੀ ਨੂੰ ਇਜਤ ਦੇ ਰੁਜ਼ਗਾਰ ਲਈ ਮੌਕੇ ਪੈਦਾ ਨਹੀਂ ਕਰ ਸਕਦਾ?
ਸੰਪਰਕ 9814002186

Share This Article
Leave a Comment