ਪਲਵਲ: ਹਰਿਆਣਾ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਕ ਸਕੂਲ ਵੈਨ ਡਰਾਈਵਰ ਨੇ ਸਕੂਲ ਵਿੱਚ ਪੜ੍ਹਦੇ 3 ਸਾਲ ਦੇ ਬੱਚੇ ਦੀ ਦੇਹ ਨੂੰ ਉਸ ਦੀ ਮਾਂ ਦੀ ਗੋਦ ਵਿੱਚ ਇਹ ਕਹਿ ਕੇ ਫ਼ਰਾਰ ਹੋ ਗਿਆ ਕਿ ਉਹ ਡਿੱਗ ਗਿਆ ਹੈ। ਹਾਲਾਂਕਿ ਬੱਚੇ ਦੀ ਮਾਂ ਮੁਤਬਕ ਉਸ ਸਮੇਂ ਤੱਕ ਬੱਚੇ ਦਾ ਸਾਹ ਰੁਕਿਆ ਹੋਇਆ ਸੀ।
ਬੱਚੇ ਦੀ ਅਜਿਹੀ ਹਾਲਤ ਵੇਖ ਕੇ ਘਬਰਾਈ ਹੋਈ ਮਾਂ ਪਹਿਲਾਂ ਨਿੱਜੀ ਹਸਪਤਾਲ ਗਈ, ਉਥੇ ਸੰਤੁਸ਼ਟੀ ਨਾ ਹੋਣ ‘ਤੇ ਫਿਰ ਜ਼ਿਲ੍ਹਾ ਹਸਪਤਾਲ ਲੈ ਕੇ ਗਈ, ਪਰ ਉਥੇ ਵੀ ਬੱਚੇ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨਿਆ। ਜਿਸ ਤੋਂ ਬਾਅਦ ਅੱਜ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਉਪਰੰਤ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਵੈਨ ਚਾਲਕ ਹਰੀ ਸਿੰਘ ਅਤੇ ਸਕੂਲ ਪ੍ਰਿੰਸੀਪਲ ਤੇ ਸੰਚਾਲਕ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕਰਕੇ ਜਾਂਚ ਅਰੰਭ ਦਿੱਤੀ ਹੈ।
ਜਾਣਕਾਰੀ ਅਨੁਸਾਰ ਭਰਤਗੜ੍ਹ ਸਹਿਦੇਵ ਦੇ ਪਿੰਡ ਨੰਗਲਾ ਦੇ ਰਹਿਣ ਵਾਲੇ ਵਿਸ਼ਨੂੰ ਦਾ ਛੋਟਾ ਪੁੱਤਰ ਸ਼ਿਵਾਂਕ ਸਕੂਲ ਵੈਨ ‘ਚ ਹਸਨਪੁਰ ਸਥਿਤ ਡੀ.ਐੱਸ.ਬਚਪਨ ਪਲੇਅ ਸਕੂਲ ‘ਚ ਪੜ੍ਹਨ ਲਈ ਜਾਂਦਾ ਸੀ। ਸ਼ਿਵਾਂਕ ਅਜੇ ਤਿੰਨ ਸਾਲ ਦਾ ਵੀ ਨਹੀਂ ਸੀ ਹੋਇਆ। 26 ਅਪ੍ਰੈਲ 2025 ਨੂੰ ਉਹ 3 ਸਾਲ ਦਾ ਹੋਣਾ ਸੀ। ਪਲੇਅ ਸਕੂਲ ਵਿੱਚ ਪੜ੍ਹਨ ਜਾ ਰਹੇ ਬੱਚੇ ਦੀ ਮੌਤ ਦੀ ਇਸ ਘਟਨਾ ਨੇ ਸਕੂਲ ਪ੍ਰਸ਼ਾਸਨ ਅਤੇ ਵੈਨ ਚਾਲਕਾਂ ਦੀ ਜ਼ਿੰਮੇਵਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਮਾਸੂਮ ਬੱਚੇ ਦੀ ਜਾਨ ਗੁਆਉਣ ਦੀ ਇਹ ਘਟਨਾ ਲਾਪਰਵਾਹੀ ਅਤੇ ਅਸੰਵੇਦਨਸ਼ੀਲਤਾ ਦਾ ਨਤੀਜਾ ਹੋ ਸਕਦੀ ਹੈ।
ਇਹ ਘਟਨਾ ਬੱਚੇ ਦੀ ਮਾਂ ਲਈ ਅਸਹਿ ਹੈ ਅਤੇ ਪਰਿਵਾਰ ਵਿੱਚ ਸੋਗ ਅਤੇ ਗੁੱਸੇ ਦਾ ਮਾਹੌਲ ਹੈ। ਪੁਲਿਸ ਨੇ ਵੈਨ ਚਾਲਕ, ਸਕੂਲ ਪ੍ਰਿੰਸੀਪਲ ਅਤੇ ਸੰਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਰਿਪੋਰਟ ਅਤੇ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਬੱਚੇ ਦੀ ਮੌਤ ਦਾ ਅਸਲ ਕਾਰਨ ਕੀ ਸੀ।