ਮਾਨਸਾ:ਪਿੰਡ ਅਕਲੀਆ ਦੇ ਅਗਨੀਵੀਰ ਲਵਪ੍ਰੀਤ ਸਿੰਘ ਨੂੰ ਜੰਮੂ-ਕਸ਼ਮੀਰ ਦੇ ਕੁਪਾਵਾੜਾ ਵਿੱਚ ਅੱਤਵਾਦੀਆਂ ਵੱਲੋਂ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਜਵਾਨ ਦੀ ਦੇਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਅਕਲੀਆ ਵਿਖੇ ਪੁੱਜੀ, ਜਿੱਥੇ ਅੰਤਿਮ ਯਾਤਰਾ ਦੌਰਾਨ ਸ਼ਹੀਦ ਲਵਪ੍ਰੀਤ ਸਿੰਘ ਅਮਰ ਰਹੇ ਦੇ ਨਾਅਰੇ ਲਾਏ ਗਏ। ਇਸ ਦੌਰਾਨ ਭਾਰਤੀ ਫੌਜ ਵੱਲੋਂ ਸ਼ਹੀਦ ਨੂੰ ਅੰਤਿਮ ਸਲਾਮੀ ਵੀ ਦਿੱਤੀ ਗਈ।
24 ਸਾਲਾਂ ਨੌਜਵਾਨ ਲਵਪ੍ਰੀਤ ਸਿੰਘ 2 ਸਾਲ ਪਹਿਲਾਂ ਭਾਰਤੀ ਫੌਜ ਵਿੱਚ ਅਗਨੀਵੀਰ ਯੋਜਨਾ ਤਹਿਤ ਭਰਤੀ ਹੋਇਆ ਸੀ। ਪਿਛਲੇ ਦੀਨੀਂ ਜੰਮ ਕਸ਼ਮੀਰ ਦੇ ਕੁਪਵਾੜਾ ਵਿੱਚ ਅੱਤਵਾਦੀਆਂ ਦੀ ਗੋਲੀ ਲੱਗਣ ਕਾਰਨ ਲਵਪ੍ਰੀਤ ਸਿੰਘ ਸ਼ਹਾਦਤ ਦਾ ਜਾਮ ਪੀ ਗਿਆ ਸੀ।
ਅੱਜ ਲਵਪ੍ਰੀਤ ਸਿੰਘ ਦੀ ਦੇਹ ਉਨ੍ਹਾਂ ਦੇ ਜੱਦੀ ਪਿੰਡ ਅਕਲੀਆ ਪੁੱਜੀ। ਇਸ ਦੌਰਾਨ ਜਿਥੇ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ ਉਥੇ ਸ਼ਹੀਦ ਲਵਪ੍ਰੀਤ ਸਿੰਘ ਦੀ ਭੈਣ ਵੱਲੋਂ ਉਨ੍ਹਾਂ ਦੇ ਸਿਹਰਾ ਸਜਾਇਆ ਗਿਆ ਜਿਥੇ ਮਾਨਸਾ ਜ਼ਿਲ੍ਹੇ ਦੇ ਸਿਆਸੀ, ਪ੍ਰਸ਼ਾਸਨਿਕ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਜ਼ਿਲ੍ਹੇ ਦੇ ਸਮਾਜ ਸੇਵਕ ਤੇ ਹੋਰ ਲੋਕ ਲਵਪ੍ਰੀਤ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣ ਲਈ ਪੁੱਜੇ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਦੌਰਾਨ ਭਾਰਤੀ ਫੌਜ ਵੱਲੋਂ ਸ਼ਹੀਦ ਲਵਪ੍ਰੀਤ ਸਿੰਘ ਨੂੰ ਸਲਾਮੀ ਦਿੱਤੀ ਗਈ ਜਿਸ ਦਾ ਅੰਤਿਮ ਸੰਸਕਾਰ ਕਰਨ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਕਿ ਇਹ ਮਾਨਸਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਵੀ ਹੈ ਅਤੇ ਦੁੱਖ ਗੱਲ ਵੀ ਕਿਉਂਕਿ ਜ਼ਿਲ੍ਹੇ ਦੇ ਨੌਜਵਾਨ ਲਵਪ੍ਰੀਤ ਸਿੰਘ, ਜੋ ਉਹ 2 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਏ ਸਨ, ਉਹ ਅੱਤਵਾਦੀਆਂ ਦੀ ਗੋਲੀ ਲੱਗਣ ਕਾਰਨ ਸ਼ਹਾਦਤ ਦਾ ਜਾਮ ਪੀ ਗਏ ਸਨ।
ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਛੋਟੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਬੱਚੇ ਫੌਜ ਵਿੱਚ ਭਰਤੀ ਹੁੰਦੇ ਹਨ ਪਰ ਅਗਨੀਵੀਰ ਸਕੀਮ ਤਹਿਤ ਉਨ੍ਹਾਂ ਦੀ ਸੇਵਾ 4 ਸਾਲ ਦੀ ਹੈ। ਜਿਸ ਲਈ ਸਰਕਾਰ ਨੂੰ ਅਗਨੀਵੀਰ ਸਕੀਮ ਨੂੰ ਰੱਦ ਕਰਨਾ ਚਾਹੀਦਾ ਹੈ ਅਤੇ ਅਗਨੀਵੀਰ ਦੇ ਜਵਾਨਾਂ ਨੂੰ ਹੋਰ ਸੈਨਿਕਾਂ ਵਾਂਗ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸ਼ਹੀਦ ਲਵਪ੍ਰੀਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਨੂੰ ਅਗਨੀਵੀਰ ਯੋਜਨਾ ਨੂੰ ਬਦਲਣ ਦੀ ਅਪੀਲ ਕੀਤੀ।