ਡੱਲੇਵਾਲ ਨਹੀਂ ਛੱਡਣਗੇ ਮਰਨ ਵਰਤ!

Global Team
3 Min Read

ਜਗਤਾਰ ਸਿੰਘ ਸਿੱਧੂ;

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਨਾਂ ਦਾ ਮਰਨ ਵਰਤ ਜਾਰੀ ਰਹੇਗਾ। ਇਹ ਪਹਿਲਾ ਮੌਕਾ ਹੈ ਜਦੋਂ ਡੱਲੇਵਾਲ ਨੇ ਕੇਂਦਰੀ ਟੀਮ ਵਲੋਂ ਕੀਤੀ ਮੁਲਾਕਾਤ ਬਾਅਦ ਮੀਡੀਆ ਵਿਚ ਟਿੱਪਣੀ ਕੀਤੀ ਹੈ ਕਿ ਉਹ ਮਰਨ ਵਰਤ ਜਾਰੀ ਰੱਖਣਗੇ। ਆਪਾਂ ਸਾਰੇ ਜਾਣਦੇ ਹਾਂ ਕਿ ਕੇਂਦਰੀ ਟੀਮ ਨਾਲ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਕਿਸਾਨੀ ਮੁੱਦੇ ਉੱਪਰ ਗੱਲਬਾਤ ਕਰਨ ਦੀ ਸਹਿਮਤੀ ਬਣਨ ਬਾਅਦ ਹੀ ਕਿਸਾਨ ਆਗੂ ਡੱਲੇਵਾਲ ਨੇ ਮੈਡੀਕਲ ਮਦਦ ਲੈਣ ਬਾਰੇ ਤਾਂ ਸਹਿਮਤੀ ਦੇ ਦਿੱਤੀ ਸੀ ਪਰ ਉਨਾਂ ਨੇ ਅੰਨ ਖਾਣ ਤੋਂ ਸਾਫ਼ ਨਾਂਹ ਕਰ ਦਿੱਤੀ ਸੀ। ਉਨਾਂ ਦਾ ਕਹਿਣਾ ਹੈ ਕਿ ਮੰਗਾਂ ਮੰਨੇ ਜਾਣ ਤੱਕ ਮਰਨ ਵਰਤ ਜਾਰੀ ਰਹੇਗਾ।

ਕੇਂਦਰੀ ਟੀਮ ਨਾਲ ਗੱਲਬਾਤ ਮਗਰੋਂ ਡੱਲੇਵਾਲ ਦੇ ਮਰਨ ਵਰਤ ਰੱਖਣ ਜਾਂ ਛੱਡਣ ਬਾਰੇ ਕਿਸਾਨ ਆਗੂਆਂ ਸਮੇਤ ਵੱਖ ਵੱਖ-ਵੱਖ ਧਿਰਾਂ ਦੇ ਕਈ ਬਿਆਨ ਸਾਹਮਣੇ ਆਏ ਹਨ। ਕਿਸਾਨ ਮੋਰਚੇ ਲਈ ਦਿੱਲੀ ਬਾਰਡਰ ਤੋਂ ਲੈ ਕੇ ਖਨੌਰੀ ਤਕ ਕਈ ਉਤਰਾ ਚੜਾਅ ਆਏ ਪਰ ਡਾ ਸਵੈਮਾਨ ਅਤੇ ਉਸ ਦੀ ਟੀਮ ਕਿਸਾਨਾਂ ਦੀ ਮਦਦ ਤੇ ਰਹੀ ਹੈ। ਹੁਣ ਵੀ ਡਾ.ਸਵੈਮਾਨ ਦੀ ਟੀਮ ਮੋਰਚੇ ਉੱਪਰ ਡਟੇ ਕਿਸਾਨਾਂ ਦੀ ਡਾਕਟਰੀ ਮਦਦ ਕਰ ਰਹੀ ਹੈ ।ਡਾ ਸਵੈਮਾਨ ਦਾ ਕਹਿਣਾ ਹੈ ਕਿ ਲੰਮਾ ਸਮਾਂ ਮਰਨ ਵਰਤ ਤੇ ਰਹਿਣ ਕਰਕੇ ਮੈਡੀਕਲ ਮਦਦ ਦੇ ਬਾਵਜੂਦ ਡੱਲੇਵਾਲ ਦੀ ਸਿਹਤ ਲਈ ਖਤਰਨਾਕ ਸਥਿਤੀ ਹੈ ਅਤੇ ਇਸ ਲਈ ਕੇਂਦਰ ਨੂੰ ਗੱਲਬਾਤ ਜਲਦੀ ਕਰਨੀ ਚਾਹੀਦੀ ਹੈ। ਸੰਯੁਕਤ ਕਿਸਾਨ ਮੋਰਚੇ ਗੈਰ ਰਾਜਸੀ ਦੇ ਹੀ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਡੱਲੇਵਾਲ ਮਰਨ ਵਰਤ ਛੱਡ ਕੇ ਅੰਦੋਲਨ ਦੀ ਅਗਵਾਈ ਕਰਨ ਤਾਂ ਜੋ ਅੰਦੋਲਨ ਨੂੰ ਵਧੇਰੇ ਮਜ਼ਬੂਤੀ ਮਿਲੇ। ਪੰਧੇਰ ਨੇ ਵੀ ਗੱਲਬਾਤ ਦੀ ਤਰੀਕ ਜਲਦੀ ਰੱਖਣ ਲਈ ਕਿਹਾ ਹੈ। ਕਈ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਵੀ ਕੇਂਦਰ ਨੂੰ ਕਿਹਾ ਹੈ ਕਿ ਕਿਸਾਨਾਂ ਨਾਲ ਗੱਲਬਾਤ ਛੇਤੀ ਕੀਤੀ ਜਾਵੇ ।ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਸੰਯੁਕਤ ਕਿਸਾਨ ਮੋਰਚਾ ਸਮੇਤ ਕਿਸਾਨ ਅਤੇ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵਲੋਂ ਛੱਬੀ ਜਨਵਰੀ ਦੇ ਟਰੈਕਟਰ ਮਾਰਚ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੰਗਾਂ ਮਨਵਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਹੋਵੇਗਾ।

ਇਸ ਤਰ੍ਹਾਂ ਸੰਘਰਸ਼ ਕਰ ਰਹੇ ਕਿਸਾਨ ਆਗੂ ਹੁਣ ਦੋ ਮੋਰਚੇ ਸੰਭਾਲ ਰਹੇ ਹਨ। ਗੱਲਬਾਤ ਦਾ ਰਾਹ ਅਤੇ ਸੰਘਰਸ਼ ਨਾਲੋ ਨਾਲ ਚੱਲਣਗੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਜੇਕਰ ਉੱਨਾਂ ਦੀ ਸਿਹਤ ਠੀਕ ਰਹੀ ਤਾਂ ਉਹ ਮੀਟਿੰਗ ਵਿੱਚ ਵੀ ਚੰਡੀਗੜ ਸ਼ਾਮਲ ਹੋਣਗੇ ।ਇਸ ਤੋਂ ਪਹਿਲਾਂ ਛੱਬੀ ਜਨਵਰੀ ਦਾ ਟਰੈਕਟਰ ਮਾਰਚ ਵੀ ਸਾਰੀਆਂ ਧਿਰਾਂ ਦਾ ਸਾਂਝਾ ਹੈ। ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਜੇ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਵੀ ਅੰਦੋਲਨ ਸ਼ੁਰੂ ਕਰ ਦੇਣਗੇ।

ਸੰਪਰਕ: 9814002186

Share This Article
Leave a Comment