ਨਵੀਂ ਦਿੱਲੀ: ਇਸ ਸਮੇਂ ਸਰਦੀ ਆਪਣੇ ਸਿਖਰ ‘ਤੇ ਹੈ। ਪੂਰਾ ਉੱਤਰੀ ਭਾਰਤ ਸੀਤ ਲਹਿਰ ਦੀ ਲਪੇਟ ‘ਚ ਹੈ। ਇਸ ਦੌਰਾਨ ਸ਼ਨੀਵਾਰ ਸ਼ਾਮ ਨੂੰ ਹੋਈ ਬਾਰਿਸ਼ ਨੇ ਪੂਰੀ ਦਿੱਲੀ-ਐੱਨਸੀਆਰ ਅਤੇ ਆਸਪਾਸ ਦੇ ਇਲਾਕਿਆਂ ‘ਚ ਮੌਸਮ ਦਾ ਰੂਪ ਬਦਲ ਦਿੱਤਾ ਹੈ। ਸਵੇਰ ਦੀ ਸ਼ੁਰੂਆਤ ਧੁੰਦ ਅਤੇ ਠੰਢ ਨਾਲ ਹੋਈ ਪਰ ਸ਼ਾਮ ਤੱਕ ਰੁਕ-ਰੁਕ ਕੇ ਮੀਂਹ ਅਤੇ ਠੰਢੀਆਂ ਹਵਾਵਾਂ ਨੇ ਠੰਢ ਨੂੰ ਹੋਰ ਵਧਾ ਦਿੱਤਾ। ਐਤਵਾਰ ਨੂੰ ਵੀ ਇਹੀ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਕਿ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਅਤੇ ਠੰਢ ਦਾ ਪ੍ਰਭਾਵ ਹੋਰ ਡੂੰਘਾ ਹੋਵੇਗਾ।
ਦਰਅਸਲ ਸ਼ਨੀਵਾਰ ਨੂੰ ਦਿਨ ‘ਚ ਮੌਸਮ ਨੇ ਤਿੰਨ ਵੱਖ-ਵੱਖ ਰੂਪ ਦਿਖਾਏ। ਸਵੇਰੇ ਦਿੱਲੀ ਨੂੰ ਸੰਘਣੀ ਧੁੰਦ ਦੀ ਚਾਦਰ ਨੇ ਢੱਕ ਲਿਆ ਸੀ। ਵਿਜ਼ੀਬਿਲਟੀ 50 ਮੀਟਰ ਤੱਕ ਘੱਟ ਗਈ ਸੀ, ਜਿਸ ਕਾਰਨ 45 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਸਨ। 11 ਵਜੇ ਤੋਂ ਬਾਅਦ ਧੁੰਦ ਸਾਫ਼ ਹੋਣੀ ਸ਼ੁਰੂ ਹੋ ਗਈ ਅਤੇ ਹਲਕੀ ਧੁੱਪ ਨੇ ਰਾਹਤ ਦਿੱਤੀ। ਪਰ ਸ਼ਾਮ ਨੂੰ ਬੱਦਲਵਾਈ ਹੋ ਗਈ ਅਤੇ ਬਾਰਿਸ਼ ਸ਼ੁਰੂ ਹੋ ਗਈ, ਜੋ ਦੇਰ ਰਾਤ ਤੱਕ ਜਾਰੀ ਰਹੀ। ਸਫਦਰਜੰਗ ‘ਚ 2.2 ਮਿਲੀਮੀਟਰ, ਪਾਲਮ ‘ਚ 3.4 ਮਿਲੀਮੀਟਰ ਅਤੇ ਨਜਫਗੜ੍ਹ ‘ਚ 5.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।
ਮੀਂਹ ਤੋਂ ਪਹਿਲਾਂ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀਆਂ ਹਵਾਵਾਂ ਚੱਲੀਆਂ, ਜਿਸ ਕਾਰਨ ਦਿਨ ਵੇਲੇ ਹਨੇਰਾ ਛਾਇਆ ਰਿਹਾ। ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਸ਼ਨੀਵਾਰ ਰਾਤ ਨੂੰ ਹੋਰ ਠੰਡ ਵਧਾ ਦਿਤੀ ਹੈ।ਅੱਜ ਐਤਵਾਰ ਨੂੰ ਵੀ 20-25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਤਾਪਮਾਨ ਵੱਧ ਤੋਂ ਵੱਧ 17 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 11 ਡਿਗਰੀ ਸੈਲਸੀਅਸ ਦੇ ਆਸਪਾਸ ਰਹਿ ਸਕਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।