ਫਰੀਦਕੋਟ: ਫਰੀਦਕੋਟ ਦੇ ਥਾਣਾ ਸਾਦਿਕ ਦੇ ਅਧੀਨ ਪੈਂਦੇ ਪਿੰਡ ਜਨੇਰੀਆ ਵਿਖੇ ਗੁਟਕਾ ਸਾਹਿਬ ਨੂੰ ਲੈ ਕੇ ਧਾਰਮਿਕ ਮਰਿਆਦਾ ਭੰਗ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ । ਇਥੋਂ ਦੇ ਗੁਰੂਹਰਿਸਹਾਇ ਰੋਡ ਤੇ ਸਕੂਲ ਦੇ ਨਜ਼ਦੀਕ ਸੜਕ ਤੇ ਗੁਟਕਾ ਸਾਹਿਬ ਡਿੱਗਿਆ ਹੋਇਆ ਮਿਲਿਆ ਹੈ। ਪਤਾ ਚਲਦੇ ਹੀ ਗੁਰਦੁਆਰਾ ਸੁਖਮਨੀ ਸਾਹਿਬ ਦੇ ਸੇਵਾਦਾਰ ਅਤੇ ਹੋਰ ਮੋਹਤਬਰ ਸਿੱਖ ਸੰਗਤਾਂ ਮੌਕੇ ਤੇ ਪਹੁੰਚੀਆਂ ਅਤੇ ਪੁਲਿਸ ਨੂੰ ਵੀ ਜਿਵੇ ਹੀ ਇਸ ਦਾ ਪਤਾ ਚੱਲਿਆ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ। ਪੁਲਿਸ ਨੇ ਕਾਰਵਾਈ ਕਰਦੇ ਹੋਏ ਜਿੱਥੇ ਇੱਕ ਪਾਸੇ ਗੁਟਕਾ ਸਾਹਿਬ ਨੂੰ ਸੁਰੱਖਿਅਤ ਕੀਤਾ ਉੱਥੇ ਹੀ ਇਸ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਹਾਸਿਲ ਜਾਣਕਾਰੀ ਅਨੁਸਾਰ ਪੁਲਿਸ ਨੂੰ ਇਸ ਘਟਨਾ ਦੇ ਬਾਰੇ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਸਮੇਤ ਸਿੱਖ ਜਥੇਬੰਦੀਆਂ ਨਾਲ ਜੁੜੇ ਆਗੂ ਵੀ ਮੌਕੇ ਉੱਤੇ ਪਹੁੰਚੇ ਜਿੱਥੇ ਕਿ ਉਹਨਾਂ ਵੱਲੋਂ ਗੁਟਕਾ ਸਾਹਿਬ ਨੂੰ ਸੁਰੱਖਿਅਤ ਕੀਤਾ ਗਿਆ ਅਤੇ ਨਾਲ ਹੀ ਉਕਤ ਨੌਜਵਾਨ ਨੂੰ ਕਾਬੂ ਕਰਕੇ ਕਾਬੂ ਕੀਤਾ ਗਿਆ।
ਜਾਚ ਪੜਤਾਲ ਵਿਚ ਸਾਹਮਣੇ ਆਇਆ ਕਿ ਪਿੰਡ ਜਨੇਰੀਆਂ ਦੇ ਕਿਸੇ ਲੜਕੇ ਤੋਂ ਇਹ ਗੁਟਕਾ ਸਾਹਿਬ ਇਥੇ ਡਿੱਗਿਆ ਹੈ। ਪੁਲਿਸ ਨੇ ਉਕਤ ਸ਼ਖਸ ਦੀ ਪਹਿਚਾਣ ਗੁਪਤ ਰੱਖਦਿਆਂ ਉਸ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾਂ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ SP ਜਸਮੀਤ ਸਿੰਘ ਨੇ ਸੰਗਤਾਂ ਨੂੰ ਕਿਸੇ ਵੀ ਤਰਾਂ ਦੀਆਂ ਅਫਵਾਹਾਂ ਤੇ ਯਕੀਨ ਨਾ ਕਰਨ ਅਤੇ ਆਪਸੀ ਭਾਈਚਾਰਾ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।