ਮੁੱਖ ਮੰਤਰੀ ਨੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਸਥਲ (ਰਾਮ ਤੀਰਥ), ਅੰਮ੍ਰਿਤਸਰ ਵਿਖੇ ਭਗਵਾਨ ਵਾਲਮੀਕਿ ਜੀ ਪੈਨੋਰਮਾ ਕੀਤਾ ਲੋਕਾਈ ਨੂੰ ਸਮਰਪਿਤ

Global Team
3 Min Read

ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਨੂੰ ਭਗਵਾਨ ਸ੍ਰੀ ਵਾਲਮੀਕਿ ਤੀਰਥ ਸਥਲ (ਰਾਮ ਤੀਰਥ) ਵਿਖੇ ਸਥਿਤ ਅਤਿ ਆਧੁਨਿਕ ਭਗਵਾਨ ਵਾਲਮੀਕਿ ਜੀ ਪੈਨੋਰਮਾ ਲੋਕਾਈ ਨੂੰ ਸਮਰਪਿਤ ਕੀਤਾ।

ਇਹ ਪ੍ਰੋਜੈਕਟ ਲੋਕਾਈ ਨੂੰ ਸਮਰਪਿਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵ ਦਾ ਪਹਿਲਾ ਮਹਾਂਕਾਵਿ ਰਾਮਾਇਣ ਆਦਿ ਕਵੀ ਭਗਵਾਨ ਵਾਲਮੀਕਿ ਜੀ ਵੱਲੋਂ ਲਿਖਿਆ ਗਿਆ ਸੀ, ਜਿਨ੍ਹਾਂ ਆਪਣੀ ਸਿਆਣਪ ਅਤੇ ਫ਼ਲਸਫ਼ੇ ਨਾਲ ਦੁਨੀਆ ਨੂੰ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਆਪਣੀ ਕਿਸਮ ਦੇ ਇਸ ਪਹਿਲੇ ਪੈਨੋਰਮਾ ਵਿੱਚ ਤਕਨਾਲੋਜੀ ਦਾ ਜਾਦੂ ਡੂੰਘੇ ਬਿਰਤਾਂਤ ਨਾਲ ਮੇਲ ਖਾਂਦਾ ਹੈ, ਜਿਸ ਨਾਲ ਸੈਲਾਨੀਆਂ ਲਈ ਇਲਾਹੀ ਮਾਹੌਲ ਪੈਦਾ ਹੁੰਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪੈਨੋਰਮਾ ਸ਼ਾਨ, ਸੁਹਜ ਅਤੇ ਆਰਕੀਟੈਕਚਰ ਦਾ ਸੰਪੂਰਨ ਸੁਮੇਲ ਹੈ ਅਤੇ ਇਹ ਸੂਬਾ ਸਰਕਾਰ ਵੱਲੋਂ ਭਗਵਾਨ ਸ੍ਰੀ ਵਾਲਮੀਕਿ ਜੀ ਨੂੰ ਨਿਮਰ ਸ਼ਰਧਾਂਜਲੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੈਨੋਰਮਾ ਕੰਪਲੈਕਸ 9 ਏਕੜ ਰਕਬੇ ਵਿੱਚ ਬਣਾਇਆ ਗਿਆ ਹੈ ਅਤੇ ਇਸ ਦੀ ਉਸਾਰੀ 32.78 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੈਨੋਰਮਾ ਭਗਵਾਨ ਸ੍ਰੀ ਵਾਲਮੀਕਿ ਜੀ ਨੂੰ ਸਮਰਪਿਤ ਹੈ ਅਤੇ ਮਹਾਂਕਾਵਿ ਦੀਆਂ ਤੁਕਾਂ ਦੇ ਨਾਲ ਉਨ੍ਹਾਂ ਦੇ ਜੀਵਨ ਦੀ ਕਹਾਣੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਆਧੁਨਿਕ ਅਜਾਇਬਘਰ ਭਗਵਾਨ ਵਾਲਮੀਕਿ ਜੀ ਦੇ ਜੀਵਨ ਅਤੇ ਯੋਗਦਾਨ ਨੂੰ ਬਿਆਨ ਕਰਨ ਲਈ ਤਕਨਾਲੋਜੀ ਦੀ ਵਰਤੋਂ ਕਰਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪੈਨੋਰਮਾ ਵਿੱਚ ਕੁੱਲ 14 ਗੈਲਰੀਆਂ ਹਨ ਅਤੇ ਹਰੇਕ ਗੈਲਰੀ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਜੀਵਨ ਅਤੇ ਰਾਮਾਇਣ ਦੇ ਵਿਸ਼ੇਸ਼ ਪਹਿਲੂ ਨੂੰ ਸਮਰਪਿਤ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ 14 ਗੈਲਰੀਆਂ ਵਿੱਚ ਰਿਸੈਪਸ਼ਨ ਏਰੀਆ, ਭਗਵਾਨ ਸ੍ਰੀ ਵਾਲਮੀਕਿ ਜੀ ਦੇ ਵਿਸ਼ੇਸ਼ ਗੁਣ, ਭਗਵਾਨ ਸ੍ਰੀ ਵਾਲਮੀਕਿ ਜੀ ਦਾ ਜਨਮ ਅਤੇ ਮੁੱਢਲਾ ਜੀਵਨ, ਆਦਿ ਕਵੀ (ਪਹਿਲੇ ਕਵੀ), ਪਹਿਲਾ ਮਹਾਂਕਾਵਿ, ਰਾਮਾਇਣ ਦੀ ਰਚਨਾ, ਰਾਮਾਇਣ ਦੀਆਂ ਵਿਸ਼ੇਸ਼ਤਾਵਾਂ, ਮਾਤਾ ਸੀਤਾ ਅਤੇ ਲਵ ਕੁਸ਼, ਯੋਗੇਸ਼ਵਰ ਅਤੇ ਸੰਗੀਤੇਸ਼ਵਰ, ਸੰਜੀਵਨੀ ਵਿਦਿਆਕੇ ਸਵਾਮੀ, ਅਸ਼ਵਮੇਧ ਯੱਗ, ਯੋਗ ਵਸ਼ਿਸ਼ਟ, ਭਗਵਾਨ ਵਾਲਮੀਕਿ ਜੀ ਨਾਮ ਮਾਲਾ ਅਤੇ ਭਗਵਾਨ ਵਾਲਮੀਕੀ ਜੀ ਦੀਆਂ ਸਿੱਖਿਆਵਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਗੈਲਰੀਆਂ ਤੋਂ ਇਲਾਵਾ, ਪੈਨੋਰਮਾ ਵਿੱਚ ਆਉਣ ਵਾਲਿਆਂ ਦੇ ਤਜਰਬੇ ਨੂੰ ਵਿਆਪਕ ਕਰਨ ਲਈ ਕਈ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ ਹਨ, ਜਿਸ ਵਿੱਚ ਇੱਕ ਕੈਫੇਟੇਰੀਆ, ਸੋਵੀਨਰ ਸ਼ਾਪ, ਲਾਇਬ੍ਰੇਰੀ ਅਤੇ ਹੋਰ ਸ਼ਾਮਲ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸਹੂਲਤਾਂ ਮਹਿਮਾਨਾਂ ਦੀ ਫੇਰੀ ਨੂੰ ਹੋਰ ਸੁਖਾਲਾ ਬਣਾਉਣਗੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਪੈਨੋਰਮਾ ਇੱਕ ਮਹੱਤਵਪੂਰਨ ਸੱਭਿਆਚਾਰਕ ਅਤੇ ਇਤਿਹਾਸਕ ਸੁਮੇਲ ਹੈ ਅਤੇ ਇਸ ਨਾਲ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਜੀਵਨ ਤੇ ਯੋਗਦਾਨ ਅਤੇ ਰਾਮਾਇਣ ਦੇ ਮਹਾਂਕਾਵਿ ਵਿੱਚ ਦਿਲਚਸਪੀ ਰੱਖਣ ਵਾਲੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੀ ਉਮੀਦ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪੈਨੋਰਮਾ ਇੰਜਨੀਅਰਿੰਗ ਦਾ ਲਾਜਵਾਬ ਨਮੂਨਾ ਹੈ, ਜੋ ਦੁਰਲੱਭ ਆਰਕੀਟੈਕਚਰ ਅਤੇ ਸੁਹਜ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਪਹਿਲਕਦਮੀ ਨਾ ਸਿਰਫ਼ ਸੱਭਿਆਚਾਰਕ ਵਿਰਸੇ ਨੂੰ ਸੰਭਾਲੇਗੀ ਅਤੇ ਉਤਸ਼ਾਹਿਤ ਕਰੇਗੀ, ਸਗੋਂ ਆਉਣ ਵਾਲੇ ਲੋਕਾਂ ਲਈ ਵਿੱਦਿਅਕ ਅਨੁਭਵ ਵੀ ਪ੍ਰਦਾਨ ਕਰੇਗੀ।

Share This Article
Leave a Comment