ਵਲਟੋਹਾ ਨੇ ਅਕਾਲੀ ਦਲ ਦੇ ਐਕਸ਼ਨ ਤੋਂ ਪਹਿਲਾਂ ਹੀ ਛੱਡੀ ਪਾਰਟੀ, ਜਥੇਦਾਰਾਂ ਖ਼ਿਲਾਫ਼ ਮੁੜ ਕੱਢੀ ਭੜਾਸ

Global Team
4 Min Read

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੂੰ 24 ਘੰਟਿਆਂ ਅੰਦਰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢਣ ਦਾ ਹੁਕਮ ਹੋਇਆ ਸੀ, ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੇ ਖ਼ੁਦ ਹੀ ਪਾਰਟੀ ਨੂੰ ਅਲਵਿਦਾ ਆਖ਼ ਦਿੱਤਾ ਹੈ।

ਵਲਟੋਹਾ ਨੇ ਆਪਣੇ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ‘ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਅੱਜ ਸਿੰਘ ਸਾਹਿਬਾਨ ਸਾਮਣੇ ਹੋਈ ਮੇਰੀ ਪੇਸ਼ੀ ਤੋਂ ਬਾਅਦ ਮੇਰੇ ਬਾਰੇ ਜੋ ਆਦੇਸ਼ ਜਾਰੀ ਕੀਤਾ ਗਿਆ ਹੈ, ਉਸਨੂੰ ਸਿਰ ਝੁਕਾਕੇ ਪ੍ਰਵਾਨ ਕਰਦਾ ਹਾਂ। ਇਸ ਆਦੇਸ਼ ਨੂੰ ਲਾਗੂ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿਸੇ ਵੀ ਸੰਕਟ ’ਚ ਪਾਏ ਬਿਨਾਂ ਮੈਂ ਖੁਦ ਹੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਨੂੰ ਛੱਡਦਾ ਹਾਂ।

ਵਲਟੋਹਾ ਨੇ ਪੋਸਟ ਵਿੱਚ ਅੱਗੇ ਲਿਖਿਆ ਕਿ ਮੈਨੂੰ ਪਤਾ ਹੈ ਕਿ ਅਕਾਲੀ ਦਲ ਦੀ ਲੀਡਰਸ਼ਿੱਪ ਮੈਨੂੰ ਬਹੁਤ ਪਿਆਰ ਕਰਦੀ ਹੈ ਤੇ ਉਹ ਮੈਨੂੰ ਹਮੇਸ਼ਾਂ ਹੀ ਪੰਥਕ ਸੋਚ ਵਾਲੇ ਟਕਸਾਲੀ ਅਕਾਲੀ ਦਾ ਦਰਜਾ ਦਿੰਦੀ ਹੈ। ਮੇਰੀਆਂ ਰਗਾਂ ਮਚ ਅਕਾਲੀ ਖੂਨ ਵਗਦਾ ਹੈ ਤੇ ਹਮੇਸ਼ਾਂ ਵਗਦਾ ਰਹੇਗਾ। ਮੈਨੂੰ ਸਿੰਘ ਸਾਹਿਬਾਨ ਦਾ ਆਦੇਸ਼ ਇੱਕ ਨਿਮਾਣੇ ਸਿੱਖ ਦੇ ਤੌਰ ’ਤੇ ਰੂਹ ਤੋਂ ਪ੍ਰਵਾਨ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹਮੇਸ਼ਾਂ ਸੰਗਤ ਨੂੰ ਅਕਾਲੀ ਦਲ ਦੇ ਨਾਲ ਜੋੜਿਆ ਹੀ ਜਾਂਦਾ ਰਿਹਾ ਹੈ। ਮੇਰੀ ਜ਼ਿੰਦਗੀ ਵਿੱਚ ਇੱਕ ਅਕਾਲੀ ਨੂੰ ਅਕਾਲੀ ਦਲ ਨਾਲੋਂ ਤੋੜਣ ਲਈ ਸ਼ਾਇਦ ਸਿੱਖ ਰਾਜਨੀਤੀ ਵਿੱਚ ਇਹ ਪਹਿਲਾ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਆਦੇਸ਼ ਆਇਆ ਹੈ।

ਉਨ੍ਹਾਂ ਕਿਹਾ ਕਿ ਅੱਜ ਅਕਾਲੀ ਵਿਰੋਧੀ ਸ਼ਕਤੀਆਂ ਜਰੂਰ ਖੁਸ਼ ਹੋਣਗੀਆਂ। ਹਾਂ ਗਿਆਨੀ ਹਰਪ੍ਰੀਤ ਹੋਰਾਂ ਨੇ ਅਜਿਹਾ ਆਦੇਸ਼ ਕਰਵਾਕੇ ਅਕਾਲੀ ਸਫਾਂ ਵਿੱਚ ਦਹਿਸ਼ਤ ਪੈਦਾ ਕਰਨ ਦੀ ਜਰੂਰ ਕੋਸ਼ਿਸ਼ ਕੀਤੀ ਹੈ। ਪਰ ਤਖ਼ਤਾਂ ਤੋਂ ਸਿੱਖਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਕਦਮ ਨਹੀਂ ਚੁੱਕੇ ਜਾਂਦੇ ਸਗੋਂ ਸਿੱਖੀ ਨਾਲ ਜੋੜਣ ਤੇ ਅਕਾਲੀ ਸੋਚ ਨਾਲ ਜੋੜਨ ਦੇ ਯਤਨ ਕੀਤੇ ਜਾਂਦੇ ਰਹੇ ਹਨ।

ਉਨ੍ਹਾਂ ਸਫ਼ਾਈ ਦਿੰਦਿਆਂ ਕਿਹਾ ਕਿ ਮੈਂ ਤਾਂ ਅੱਜ ਆਪਣਾ ਪੱਖ ਨਿਮਰਤਾ ਨਾਲ ਸਿੰਘ ਸਾਹਿਬਾਨ ਅੱਗੇ ਰੱਖਿਆ ਸੀ ਜਿਸਦੀ ਸਾਰੀ ਵੀਡੀਓਗ੍ਰਾਫੀ ਕੀਤੀ ਗਈ ਸੀ। ਮੈਨੂੰ ਸਿੰਘ ਸਾਹਿਬਾਨ ਨੇ ਪੇਸ਼ੀ ਦੀ ਮੀਟਿੰਗ ਸ਼ੁਰੂ ਹੋਣ ਵੇਲੇ ਕਿਹਾ ਸੀ ਕਿ ਤੁਹਾਡੀ ਸਾਰੀ ਸੁਣਵਾਈ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ਜੋ ਬਾਅਦ ਵਿੱਚ ਮੀਡੀਆ ਨੂੰ ਜਾਰੀ ਕੀਤੀ ਜਾਵੇਗੀ। ਮੇਰੀ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਵੀਡੀਓਗ੍ਰਾਫੀ ਦੀ ਵੀਡੀਓ ਮੀਡੀਆ ਨੂੰ ਜਨਤਕ ਕਰ ਦੀ ਕਿਰਪਾਲਤਾ ਕਰਨ।

ਉਨ੍ਹਾਂ ਗਿਆਨੀ ਰਘਬੀਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਸਪਸ਼ਟੀਕਰਨ ਦੀ ਚਿੱਠੀ ਤੇ ਪੈੱਨ ਡਰਾਈਵ (Pen drive) ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਦੀਆਂ BJP ਅਤੇ ਕੇਂਦਰ ਸਰਕਾਰ ਨਾਲ ਸਾਂਝ ਨੂੰ ਸਾਬਤ ਕਰਦੇ ਹੋਏ ਡਾਕੂਮੈਂਟਸ ਪੇਸ਼ ਕੀਤੇ ਗਏ ਸੀ ਉਹ ਵੀ ਜਨਤਕ ਕਰਨ ਦੀ ਕਿਰਪਾਲਤਾ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਜੇ ਕਿਸੇ ਕਾਰਨ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵੱਲੋਂ ਮੇਰੀ ਸਪੱਸ਼ਟੀਕਰਨ ਵਾਲੀ ਪੱਤ੍ਰਿਕਾ ਤੇ ਸਬੂਤਾਂ ਵਾਲੀ ਪੈੱਨ ਡਰਾਈਵ ਨਹੀਂ ਜਾਰੀ ਹੁੰਦੀ ਤਾਂ ਮੈਂ ਕੱਲ੍ਹ ਨੂੰ ਇਹ ਸਭ ਕੁੱਝ ਆਪ ਜਨਤਕ ਕਰ ਦਿਆਂਗਾ।

ਅਖ਼ੀਰ ਵਿੱਚ ਉਨ੍ਹਾਂ ਹਲਕਾ ਖੇਮਕਰਨ ਦੇ ਲੋਕਾਂ ਨੂੰ ਕਿਹਾ ਹੈ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਪਹਿਲਾਂ ਦੀ ਤਰਾਂ ਹੀ ਸਿਆਸਤ ਵਿੱਚ ਸਰਗਰਮ ਰਹਿਣਗੇ। ਲੋਕਾਂ ਦੇ ਦੁੱਖ-ਸੁੱਖ ਦੇ ਭਾਈਵਾਲ ਤੇ ਕੰਮਾਂ ਲਈ ਵੀ ਹਮੇਸ਼ਾਂ ਹਾਜ਼ਰ ਰਹਿਣਗੇ।’

Share This Article
Leave a Comment