ਚੰਡੀਗੜ੍ਹ : ਕਾਰੋਬਾਰੀ ਕੁਲਦੀਪ ਸਿੰਘ ਮੱਕੜ ਦੇ ਘਰ ਗੋਲ਼ੀਬਾਰੀ ਕਰਨ ਦੇ ਮਾਮਲੇ ਵਿੱਚ ਗੋਲਡੀ ਬਰਾੜ ਦੇ 8 ਸਾਥੀਆਂ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਹਨ। ਜ਼ਿਲ੍ਹਾ ਅਦਾਲਤ ਨੇ ਗੈਰਕਾਨੂੰਨੀ ਗਤੀਵਿਧੀਆਂ UAPA ਐਕਟ ਅਤੇ ਅਸਲਾ ਐਕਟ ਤਹਿਤ ਦੋਸ਼ ਆਇਦ ਕੀਤੇ ਜਿਸ ਦੇ ਤਹਿਤ ਹੁਣ ਗੁਰਵਿੰਦਰ ਸਿੰਘ ਉਰਫ਼ ਲੋਡੀ, ਕਾਸ਼ੀ ਸਿੰਘ ਉਰਫ਼ ਹੈਰੀ, ਸ਼ੁਭਮ ਕੁਮਾਰ ਗਿਰੀ ਉਰਫ਼ ਪੰਡਿਤ, ਅੰਮ੍ਰਿਤਪਾਲ ਸਿੰਘ ਉਰਫ਼ ਗੁੱਜਰ, ਕਮਲਪ੍ਰੀਤ ਸਿੰਘ, ਪ੍ਰੇਮ ਸਿੰਘ, ਸਰਬਜੀਤ ਸਿੰਘ ਉਰਫ਼ ਸਰਬੂ ਅਤੇ ਗਗਨਦੀਪ ਸਿੰਘ ਗੋਲਡੀ ਖ਼ਿਲਾਫ਼ ਕੇਸ ਚੱਲੇਗਾ।
ਇਸ ਮਾਮਲੇ ਦੇ ਮੁੱਖ ਮੁਲਜ਼ਮ ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ਅਜੇ ਫਰਾਰ ਹਨ ਅਤੇ ਉਨ੍ਹਾਂ ਖ਼ਿਲਾਫ਼ 10-10 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ। ਅਗਲੀ ਸੁਣਵਾਈ 22 ਅਕਤੂਬਰ ਨੂੰ ਹੋਵੇਗੀ। NIA ਨੇ ਜੂਨ 2024 ’ਚ ਇਨ੍ਹਾਂ ’ਤੇ ਇਨਾਮ ਦਾ ਐਲਾਨ ਕੀਤਾ ਸੀ।
ਜ਼ਿਕਰਯੋਗ ਹੈ ਕਿ 19 ਜਨਵਰੀ 2024 ਨੂੰ ਗੋਲਡੀ ਬਰਾੜ ਨੇ ਸੈਕਟਰ-10 ਦੇ ਰਹਿਣ ਵਾਲੇ ਕਾਰੋਬਾਰੀ ਕੁਲਦੀਪ ਸਿੰਘ ਮੱਕੜ ਤੋਂ 3 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਜਦੋਂ ਮੱਕੜ ਨੇ ਇਨਕਾਰ ਕੀਤਾ ਤਾਂ ਗੋਲਡੀ ਬਰਾੜ ਨੇ ਆਪਣੇ ਸਾਥੀ ਭੇਜ ਕੇ ਮੱਕੜ ਦੇ ਘਰ ’ਤੇ ਗੋਲ਼ੀਆਂ ਚਲਵਾ ਦਿੱਤੀਆਂ।
ਇਸ ਗੋਲ਼ੀਬਾਰੀ ’ਚ 5 ਗੋਲ਼ੀਆਂ ਚਲਾਈਆਂ ਗਈਆਂ, ਜੋ ਕਾਰੋਬਾਰੀ ਦੀ ਕਾਰ ਨੂੰ ਲੱਗੀਆਂ, ਪਰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ। ਗੋਲ਼ਾਬਾਰੀ ਦੀ ਘਟਨਾ ਤੋਂ ਬਾਅਦ ਸੈਕਟਰ-3 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਅਤੇ ਪੁਲਿਸ ਨੇ ਗਰੋਹ ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਗੋਲ਼ੀਬਾਰੀ ਤੋਂ ਬਾਅਦ ਗੋਲਡੀ ਬਰਾੜ ਦੇ ਨੈੱਟਵਰਕ ਦਾ ਪਰਦਾਫਾਸ਼ ਹੋਣ ’ਤੇ NIA ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 8 ਮਾਰਚ ਨੂੰ NIA ਨੇ ਨਵੀਂ FIA ਦਰਜ ਕਰ ਲਈ ਅਤੇ ਮਾਮਲਾ ਆਪਣੇ ਹੱਥਾਂ ’ਚ ਲੈ ਲਿਆ। ਇਸ ਤੋਂ ਬਾਅਦ ਗੋਲਡੀ ਬਰਾੜ ਦੇ ਕੁਝ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ਪੰਜਾਬ, ਚੰਡੀਗੜ੍ਹ ਅਤੇ ਹੋਰ ਰਾਜਾਂ ਵਿੱਚ ਫਿਰੌਤੀ ਅਤੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿੱਚ ਸ਼ਾਮਲ ਹਨ।