ਢਾਕਾ: ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਹੈ ਕਿ ਰਾਖਵਾਂਕਰਨ ਸੁਧਾਰ ਲਈ ਹਾਲੀਆ ਅੰਦੋਲਨ ਦੌਰਾਨ ‘ਅਰਾਜਕਤਾਵਾਦੀਆਂ’ ਨੇ ਦੇਸ਼ ਵਿੱਚ ਸ੍ਰੀਲੰਕਾ ਵਰਗੀ ਅਰਾਜਕਤਾ ਪੈਦਾ ਕਰਨ ਅਤੇ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕੀਤੀ। ਬੰਗਲਾਦੇਸ਼ ਵਿੱਚ ਹਾਲ ਹੀ ਵਿੱਚ ਪੁਲਿਸ ਅਤੇ ਮੁੱਖ ਤੌਰ ‘ਤੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਵਿਚਕਾਰ ਹਿੰਸਕ ਝੜਪਾਂ ਹੋਈਆਂ ਹਨ। ਜ਼ਿਕਰ ਏ ਖ਼ਾਸ ਹੈ ਕਿ 1971 ਦੀ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣ ਵਾਲੇ ਲੜਾਕਿਆਂ ਦੇ ਰਿਸ਼ਤੇਦਾਰਾਂ ਨੂੰ ਸਰਕਾਰੀ ਨੌਕਰੀਆਂ ਵਿੱਚ 30 ਪ੍ਰਤੀਸ਼ਤ ਹਿੱਸਾ ਮਿਲਦਾ ਹੈ । ਪ੍ਰਦਰਸ਼ਨਕਾਰੀ ਰਾਖਵਾਂਕਰਨ ਪ੍ਰਦਾਨ ਕਰਨ ਵਾਲੀ ਇਸੇ ਵਿਵਾਦਗ੍ਰਸਤ ਰਿਜ਼ਰਵੇਸ਼ਨ ਪ੍ਰਣਾਲੀ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਸਨ।
ਹਸੀਨਾ ਨੇ ਆਪਣੀ ਸਰਕਾਰੀ ਰਿਹਾਇਸ਼ ‘ਗਣ ਭਵਨ’ ‘ਚ ਬੰਗਲਾਦੇਸ਼ ‘ਚ ਭਾਰਤੀ ਹਾਈ ਕਮਿਸ਼ਨਰ ਪ੍ਰਣਯ ਵਰਮਾ ਨਾਲ ਮੁਲਾਕਾਤ ਦੌਰਾਨ ਕਿਹਾ, ”ਅਸਲ ‘ਚ ਉਨ੍ਹਾਂ (ਅਰਾਜਕਤਾਵਾਦੀਆਂ) ਨੇ ਸ਼੍ਰੀਲੰਕਾ ਵਾਂਗ ਹਿੰਸਾ ਫੈਲਾਉਣ ਅਤੇ ਸਰਕਾਰ ਨੂੰ ਹਟਾਉਣ ਦੀ ਯੋਜਨਾ ਬਣਾਈ ਸੀ ਹਾਲ ਹੀ ਵਿੱਚ ਰਾਖਵੇਂਕਰਨ ਵਿਰੋਧੀ ਅੰਦੋਲਨ ਦੌਰਾਨ ਹੋਈ ਦੇਸ਼ ਵਿਆਪੀ ਹਿੰਸਾ ਦੀ ਸਹੀ ਢੰਗ ਨਾਲ ਜਾਂਚ ਕਰਨ ਅਤੇ ਹਮਲਿਆਂ ਵਿੱਚ ਸ਼ਾਮਲ ਅਸਲ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਤੋਂ ਸਹਿਯੋਗ ਦੀ ਮੰਗ ਕੀਤੀ।
ਪ੍ਰਧਾਨ ਮੰਤਰੀ ਦੇ ਪ੍ਰੈੱਸ ਸਕੱਤਰ ਮੁਹੰਮਦ ਨਈਮੁਲ ਇਸਲਾਮ ਖਾਨ ਨੇ ਹਸੀਨਾ ਅਤੇ ਵਰਮਾ ਦੀ ਮੁਲਾਕਾਤ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ। ਇਸ ਸਾਲ ਜਨਵਰੀ ‘ਚ ਰਿਕਾਰਡ ਚੌਥੀ ਵਾਰ ਮੁੜ ਚੁਣੀ ਗਈ ਹਸੀਨਾ ਨੇ ਕਿਹਾ ਕਿ ਰਾਖਵਾਂਕਰਨ ਸੁਧਾਰਾਂ ‘ਤੇ ਹਾਲੀਆ ਅੰਦੋਲਨ ਕੋਈ ਆਮ ਅੰਦੋਲਨ ਨਹੀਂ ਸੀ, ਪਰ ਇਕ ਸਮੇਂ ‘ਤੇ ਇਹ ਲਗਭਗ ਅੱਤਵਾਦੀ ਹਮਲੇ ‘ਚ ਬਦਲ ਗਿਆ। ਜੁਲਾਈ ਦੇ ਅੱਧ ਵਿੱਚ ਹੋਈ ਹਿੰਸਾ ਵਿੱਚ ਘੱਟੋ-ਘੱਟ 150 ਲੋਕ ਮਾਰੇ ਗਏ, ਕਈ ਹਜ਼ਾਰ ਜ਼ਖ਼ਮੀ ਹੋਏ ਅਤੇ ਵੱਡੀਆਂ ਸਰਕਾਰੀ ਸਹੂਲਤਾਂ ਨੂੰ ਨੁਕਸਾਨ ਪਹੁੰਚਿਆ। ਭਾਰਤ ਨੇ ਬੰਗਲਾਦੇਸ਼ ਵਿੱਚ ਹਿੰਸਕ ਪ੍ਰਦਰਸ਼ਨਾਂ ਨੂੰ ਦੇਸ਼ ਦਾ ‘ਅੰਦਰੂਨੀ’ ਮਾਮਲਾ ਦੱਸਿਆ ਸੀ। ਭਾਰਤੀ ਹਾਈ ਕਮਿਸ਼ਨਰ ਨੇ ਪ੍ਰਦਰਸ਼ਨਾਂ ਦੌਰਾਨ ਜਾਨ-ਮਾਲ ਦੇ ਨੁਕਸਾਨ ‘ਤੇ ਦੁੱਖ ਪ੍ਰਗਟ ਕੀਤਾ। ਵਰਮਾ ਨੇ ਕਿਹਾ ਕਿ ਭਾਰਤ, ਆਪਣੇ ਸਭ ਤੋਂ ਨਜ਼ਦੀਕੀ ਗੁਆਂਢੀ ਹੋਣ ਦੇ ਨਾਤੇ, ਇੱਕ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਬੰਗਲਾਦੇਸ਼ ਦੇ ਵਿਜ਼ਨ ਲਈ ਹਮੇਸ਼ਾ ਬੰਗਲਾਦੇਸ਼ ਸਰਕਾਰ ਅਤੇ ਇਸਦੇ ਲੋਕਾਂ ਦਾ ਸਮਰਥਨ ਕਰਦਾ ਹੈ।