ਏਜੰਸੀਆਂ ਬਾਗੀਆਂ ਰਾਹੀਂ ਸ੍ਰੀ ਅਕਾਲ ਤਖਤ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਲਈ ਯਤਨਸ਼ੀਲ: ਪਰਮਜੀਤ ਸਿੰਘ ਸਰਨਾ

Global Team
3 Min Read

ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅਕਾਲੀ ਦਲ ਦੇ ਬਾਗੀ ਧੜੇ ਨੂੰ ਸਰਕਾਰੀ ਏਜੰਸੀਆਂ ਦੇ ਬੰਦ ਕਰਾਰ ਦੇ ਦਿੱਤਾ ਅਤੇ ਕਿਹਾ ਕਿ ਏਜੰਸੀਆਂ ਦੇ ਇਛਾਰੇ ‘ਤੇ ਇਹ ਬਾਗੀ ਧੜੇ ਦੇ ਲੀਡਰ ਚੱਲ ਰਹੇ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਸਤੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪਰਮਜੀਤ ਸਿੰਘ ਸਰਨਾ ਨੇ ਅੱਗੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਹਰ ਸਿੱਖ ਲਈ ਸਰਵ ਉੱਚ ਹੈ। ਅਕਾਲੀ ਦਲ ਤੋਂ ਬਾਗੀ ਚੱਲ ਰਹੇ ਧੜੇ ਦੀ ਸ਼ਿਕਾਇਤ ਉੱਪਰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਸਪੱਸ਼ਟੀਕਰਨ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੱਦਿਆ ਸੀ ।

ਪਰ ਬਾਗੀ ਧੜੇ ਨਾਲ ਦੇ ਕੁੱਝ ਆਗੂ ਇਹਨੇ ਕਾਹਲ਼ੇ ਚੱਲ ਰਹੇ ਹਨ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਸਤੀ ਤੇ ਮਾਣ ਮਰਿਯਾਦਾ ਦਾ ਖ਼ਿਆਲ ਵੀ ਨਹੀਂ ਕਰ ਰਹੇ । ਸਿੰਘ ਸਾਹਿਬ ਨੇ ਇਹ ਸਪੱਸ਼ਟ ਕੀਤਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਸਪੱਸ਼ਟੀਕਰਨ ਵਾਲੀ ਚਿੱਠੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਉਹਨਾਂ ਸਾਰਿਆਂ ਦੀ ਹਾਜ਼ਰੀ ‘ਚ ਖੋਲ੍ਹੀ ਜਾਵੇਗੀ । ਫੇਰ ਹੋਰ ਕੋਈ ਵੀ ਕੌਣ ਹੁੰਦਾ ਹੈ ਕਿ ਉਹ ਪੰਜ ਸਿੰਘ ਸਾਹਿਬਾਨ ਤੋਂ ਉੱਪਰ ਦੀ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵ ਉੱਚਤਾ ‘ਚ ਦਖਲ ਦੇਵੇ ।

ਅਸਲ ਗੱਲ ਇਹ ਹੈ ਕਿ ਅੱਜ ਏਜੰਸੀਆਂ ਦੇ ਇਸ਼ਾਰਿਆਂ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਹਸਤੀ ਨੂੰ ਚੈਲੇਂਜ ਹੋ ਰਹੇ ਹਨ । ਜਿਸਦਾ ਬਹਾਨਾ ਸੁਖਬੀਰ ਸਿੰਘ ਬਾਦਲ ਨੂੰ ਬਣਾਇਆ ਜਾ ਰਿਹਾ ਹੈ ਪਰ ਇਸਦੇ ਪਿੱਛੇ ਜੋ ਮਨਸ਼ਾ ਕੰਮ ਕਰ ਰਹੀ ਹੈ ਉਹ ਇਹੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਿਸ ਤਰ੍ਹਾਂ ਕਮਜ਼ੋਰ ਕੀਤਾ ਜਾਵੇ ਅਤੇ ਸਿੱਖ ਮਨਾਂ ਵਿਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹੱਤਤਾ ਅਤੇ ਮਹਾਨਤਾ ਨੂੰ ਮਨਫੀ ਕੀਤਾ ਜਾਵੇ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਪੱਕੇ ਤੌਰ ਤੇ ਖਤਮ ਕਰਕੇ ਸਿੱਖ ਰਾਜਸ਼ੀ ਤਾਕ਼ਤ ਨੂੰ ਸਦਾ ਲਈ ਮੁਕਾਇਆ ਜਾਵੇਂ।

ਜਿਹੜੇ ਅੱਜ ਪੰਥ ਹਿਤੈਸ਼ੀ ਬਣੇ ਫਿਰਦੇ ਹਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਕਿਉਂ ਜ਼ੁਬਾਨ ਨਹੀ ਖੋਲ ਰਹੇ ? ਅਕਾਲੀ ਸਰਕਾਰ ਵੇਲੇ ਸ਼ੁਰੂ ਹੋਈ ਜਾਂਚ ਨੂੰ ਪਹਿਲਾ ਸੀ.ਬੀ.ਆਈ ਨੂੰ ਸੌਂਪਿਆ ਗਿਆ ਤੇ ਮੁੜ ਕੇ ਜੋ ਸਿੱਟ ਕੈਪਟਨ ਸਰਕਾਰ ਵੇਲੇ ਕਾਇਮ ਹੋਈ ਜਾਂ ਮੌਜੂਦਾ ਸਰਕਾਰ ਨੇ ਅੱਜ ਤੱਕ ਨਾ ਦੋ਼ਸ਼ੀ ਨਸ਼ਰ ਕੀਤੇ ਤੇ ਨਾ ਕਾਰਵਾਈ ਹੋਈ । ਇਸ ਬਾਰੇ ਕੋਈ ਨਹੀ ਬੋਲ ਰਿਹਾ । ਚਾਹੀਦਾ ਤਾਂ ਇਹ ਸੀ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਕਾਇਮ ਰੱਖਣ ਲਈ ਅਤੇ ਬੇਅਦਬੀਆਂ ਰੋਕਣ ਲਈ ਕੋਈ ਸਾਂਝੀ ਰਣਨੀਤੀ ਬਣਦੀ ਪਰ ਇਸਦੇ ਉਲਟ ਇੱਕੋ ਇੱਕੋ ਮਿਸ਼ਨ ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕਰਨਾ ਬਣਾਕੇ ਬਾਕੀਆਂ ਸਿੱਖ ਮੁੱਦਿਆਂ ਤੋਂ ਧਿਆਨ ਭਟਕਾਉਣਾ ਇਹ ਏਜੰਸੀਆਂ ਦੀ ਚਾਲ ਹੈ ਤੇ ਸਾਡੇ ਬਹੁਤੇ ਆਗੂ ਜਾਣ ਅਣਜਾਣੇ ਇਸਦਾ ਹਿੱਸਾ ਬਣ ਰਹੇ ਹਨ।

Share This Article
Leave a Comment