ਨਿਊਜ਼ ਡੈਸਕ: ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਸੋਮਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਧੋਤੀ ਪਹਿਨੇ ਕਿਸਾਨ ਨੂੰ ਉਸ ਦੇ ਪਹਿਰਾਵੇ ਕਾਰਨ ਦਾਖਲੇ ਤੋਂ ਇਨਕਾਰ ਕੀਤੇ ਜਾਣ ਦੇ ਮੱਦੇਨਜ਼ਰ ਸਰਕਾਰ ਸਾਰੇ ਮੌਲ ਅਤੇ ਹੋਰ ਅਦਾਰਿਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰੇਗੀ। ਇਸ ਘਟਨਾ ਤੋਂ ਬਾਅਦ ਸਰਕਾਰ ਨੇ 18 ਜੁਲਾਈ ਨੂੰ ਇੱਥੇ ਜੀਟੀ ਵਰਲਡ ਮਾਲ ਨੂੰ ਸੱਤ ਦਿਨਾਂ ਲਈ ਬੰਦ ਕਰਨ ਦੇ ਹੁਕਮ ਦਿੱਤੇ ਸਨ। ਇਸ ਘਟਨਾ ਦੀ ਵਿਧਾਨ ਸਭਾ ਵਿੱਚ ਸਖ਼ਤ ਨਿਖੇਧੀ ਕੀਤੀ ਗਈ। ਸਰਕਾਰ ਨੇ ਕਿਸਾਨ ਦੀ ਬੇਇੱਜ਼ਤੀ ਨੂੰ ਇੱਕ ਵਿਅਕਤੀ ਦੇ “ਮਾਣ ਅਤੇ ਸਵੈ-ਮਾਣ” ਦੀ ਉਲੰਘਣਾ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਇਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ।
ਸ਼ਿਵਕੁਮਾਰ ਨੇ ਸੋਮਵਾਰ ਨੂੰ ਵਿਧਾਨ ਸਭਾ ‘ਚ ਕਿਹਾ, ”ਪਿਛਲੇ ਹਫਤੇ ਇਕ ਪਿੰਡ ਦੇ ਕਿਸਾਨ ਨੂੰ ਧੋਤੀ ਪਹਿਨਣ ਕਾਰਨ ਮੌਲ ‘ਚ ਦਾਖਲ ਹੋਣ ਤੋਂ ਮਨ੍ਹਾ ਕੀਤੇ ਜਾਣ ‘ਤੇ ਵਿਧਾਨ ਸਭਾ ‘ਚ ਚਰਚਾ ਹੋਈ। ਧੋਤੀ ਸਾਡਾ ਸੱਭਿਆਚਾਰਕ ਪਹਿਰਾਵਾ ਹੈ। ਘਟਨਾ ਤੋਂ ਬਾਅਦ ਮੌਲ ਨੂੰ ਬੰਦ ਕਰਨ ਲਈ ਹੁਕਮ ਜਾਰੀ ਕੀਤੇ ਗਏ ਸੀ। ਇਸ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰਨ ਦਾ ਫੈਸਲਾ ਕੀਤਾ ਹੈ, ਭਾਵੇਂ ਇਹ ਕੋਈ ਮੌਲ਼ਲ ਹੋਵੇ ਜਾਂ ਕੋਈ ਹੋਰ ਛੋਟੀ ਵੱਡੀ ਥਾਂ ਹੋਵੇ ‘ਧੋਤੀ’ ਸਾਡੇ ਸੱਭਿਆਚਾਰ ਦਾ ਹਿੱਸਾ ਹੈ।
ਉਨ੍ਹਾਂ ਕਿਹਾ, “ਮਾਲ ਨੂੰ ਬੰਦ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ‘ਤੇ ਕੁਝ ਟੈਕਸ ਵੀ ਬਕਾਇਆ ਹਨ। ਅਸੀਂ ਉਨ੍ਹਾਂ ਤੋਂ ਲਿਖਤੀ ਸਪੱਸ਼ਟੀਕਰਨ ਅਤੇ ਮੁਆਫ਼ੀ ਵੀ ਲਈ ਹੈ। ਇਸ (ਮਾਲ) ਨੇ ਬਕਾਇਆ ਟੈਕਸ ਅਦਾ ਕਰਨ ਲਈ ਚੈੱਕ ਵੀ ਦਿੱਤਾ ਹੈ। ਇਹ ਅਸੀਂ ਇਹ ਯਕੀਨੀ ਬਣਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਾਂਗੇ ਕਿ ਸੂਬੇ ਵਿੱਚ ਕਿਤੇ ਵੀ ਅਜਿਹੀਆਂ ਘਟਨਾਵਾਂ ਨਾ ਦੁਹਰਾਈਆਂ ਜਾਣ।”
ਇਹ ਘਟਨਾ 16 ਜੁਲਾਈ ਦੀ ਹੈ ਜਦੋਂ ਹਾਵੇਰੀ ਜ਼ਿਲੇ ਦਾ 70 ਸਾਲਾ ਫਕੀਰੱਪਾ ਆਪਣੀ ਪਤਨੀ ਅਤੇ ਬੇਟੇ ਨਾਲ ਮਲਟੀਪਲੈਕਸ ‘ਚ ਫਿਲਮ ਦੇਖਣ ਲਈ ਮੌਲ ਗਿਆ ਸੀ। ਫਕੀਰੱਪਾ ਨੇ ਚਿੱਟੀ ਕਮੀਜ਼ ਅਤੇ ਧੋਤੀ ਪਾਈ ਹੋਈ ਸੀ। ਮੌਲ ਦੇ ਸੁਰੱਖਿਆ ਅਮਲੇ ਨੇ ਉਹਨਾਂ ਨੂੰ ਅਤੇ ਉਸ ਦੇ ਪੁੱਤਰ ਨੂੰ ਕਿਹਾ ਕਿ ਉਨ੍ਹਾਂ ਨੂੰ ‘ਧੋਤੀ’ ਪਹਿਨ ਕੇ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਕਰਮਚਾਰੀ ਨੇ ਕਿਹਾ ਕਿ ਪਤਲੂਨ ਪਹਿਨ ਕੇ ਅੰਦਰ ਆਉਣ।