ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਰਮਾ ‘ਚ ਯੋਗ ਕਰਨ ਦੇ ਵਿਵਾਦ ‘ਤੇ ਗੁਜਰਾਤ ਦੀ ਰਹਿਣ ਵਾਲੀ ਅਰਚਨਾ ਮਕਵਾਨਾ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਦਰਅਸਲ 21 ਜੂਨ ਨੂੰ ਯੋਗ ਦਿਵਸ ਵਾਲੇ ਦਿਨ ਅਰਚਨਾ ਨੇ ਪ੍ਰਕਰਮਾਂ ‘ਚ ਯੋਗਾ ਕੀਤਾ ਗਿਆ ਸੀ ਜਿਸ ਕਾਰਨ ਸਮੁੱਚੇ ਸਿੱਖ ਜਗਤ ਅੰਦਰ ਇਸ ਦਾ ਵਿਰੋਧ ਹੋ ਰਿਹਾ ਸੀ। ਸੋਸ਼ਲ ਮੀਡੀਆ ਜਰੀਏ ਲਗਾਤਾਰ ਅਰਚਨਾ ਖਿਲਾਫ ਪੋਸਟਾਂ ਪਾਈਆਂ ਜਾ ਰਹੀਆਂ ਹਨ। ਇਸੇ ਦਰਮਿਆਨ ਹੁਣ ਪੰਜਾਬ ਪੁਲਿਸ ਨੇ ਵੀ ਅਰਚਨਾ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
ਦੱਸ ਦੇਈਏ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਗੁ. ਪ੍ਰ. ਕਮੇਟੀ ਨੇ ਉਕਤ ਲੜਕੀ ਖਿਲਾਫ ਕੇਸ ਦਰਜ ਕਰਵਾਇਆ ਗਿਆ ਸੀ। ਇਹ ਨੋਟਿਸ ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਭੇਜਿਆ ਗਿਆ ਹੈ। ਐਸਜੀਪੀਸੀ ਵੱਲੋਂ ਭੇਜੀ ਸ਼ਿਕਾਇਤ ਦੇ ਆਧਾਰ ’ਤੇ ਅਰਚਨਾ ਖ਼ਿਲਾਫ਼ ਥਾਣਾ ਕੋਤਵਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਅੰਮ੍ਰਿਤਸਰ ਦੇ ਏਡੀਸੀਪੀ ਡਾ ਦਰਪਨ ਆਹਲੂਵਾਲੀਆ ਨੇ ਕਿਹਾ ਕਿ ਨਿਯਮਾਂ ਅਨੁਸਾਰ ਅਰਚਨਾ ਮਕਵਾਨਾ ਖਿਲਾਫ ਸ਼ਿਕਾਇਤ ਤੇ ਦਰਜ ਕੀਤੇ ਗਏ ਮਾਮਲੇ ਦੀ ਪਹਿਲਾਂ ਪੂਰੀ ਜਾਂਚ ਕੀਤੀ ਜਾਵੇਗੀ। ਇਸ ਮਾਮਲੇ ਚ ਅਰਚਨਾ ਦੇ ਸਾਹਮਣੇ ਬਿਆਨ ਦਰਜ ਕਰਵਾਏ ਜਾਣਗੇ। ਇਸ ਤੋਂ ਬਾਅਦ ਹੀ ਉਸ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਵੱਲੋਂ ਅਰਚਨਾ ਨੂੰ ਬਿਆਨ ਦੇਣ ਲਈ ਨੋਟਿਸ ਭੇਜਿਆ ਗਿਆ ਹੈ। ਅਰਚਨਾ ਨੂੰ ਕਿਹਾ ਗਿਆ ਹੈ ਕਿ ਉਹ ਕਦੋਂ ਪੁਲਿਸ ਕੋਲ ਆਵੇਗੀ ਅਤੇ ਆਪਣਾ ਬਿਆਨ ਦਰਜ ਕਰਵਾਏਗੀ।
ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਕਿਹਾ ਸੀ ਕਿ ਇਸ ਲੜਕੀ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸਿਰਫ਼ 40 ਸਕਿੰਟਾਂ ਵਿੱਚ ਯੋਗਾ ਕਰਕੇ ਸਿੱਖੀ ਮਰਿਆਦਾ ਦੀ ਉਲੰਘਣਾ ਕੀਤੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਰਚਨਾ ਮਕਵਾਨਾ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਵੇ।
ਪੇਸ਼ੇ ਤੋਂ ਫੈਸ਼ਨ ਡਿਜ਼ਾਈਨਰ, ਗੁਜਰਾਤ ਦੇ ਵਡੋਦਰਾ ਦੀ ਰਹਿਣ ਵਾਲੀ ਅਰਚਨਾ ਨੇ ਵਿਰੋਧ ਬਾਰੇ ਪਤਾ ਲੱਗਣ ਤੇ 22 ਜੂਨ ਨੂੰ ਸੋਸ਼ਲ ਮੀਡੀਆ ਤੇ ਮੁਆਫੀ ਮੰਗੀ ਅਤੇ ਫੋਟੋਆਂ ਵੀ ਹਟਾ ਦਿੱਤੀਆਂ। ਅਰਚਨਾ ਨੇ ਲਿਿਖਆ- ਮੇਰਾ ਇਰਾਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਜੇਕਰ ਅਜਿਹਾ ਹੋਇਆ ਹੈ ਤਾਂ ਮੈਂ ਸਾਰਿਆਂ ਤੋਂ ਮੁਆਫੀ ਮੰਗਦੀ ਹਾਂ।