ਨਿਊਜ਼ ਡੈਸਕ: ਵਿਦਿਆਰਥੀ ਹੁਣ ਤਿਲਕ ਲਗਾ ਕੇ ਸਕੂਲ ਨਹੀਂ ਜਾ ਸਕਣਗੇ ਅਤੇ ਨਾ ਹੀ ਕੋਈ ਆਪਣੇ ਨਾਂ ਨਾਲ ਜਾਤੀ ਸਰਨੇਮ ਜੋੜ ਸਕੇਗਾ। ਤਾਮਿਲਨਾਡੂ ਸਰਕਾਰ ਜਲਦ ਹੀ ਸੂਬੇ ਦੇ ਸਾਰੇ ਸਕੂਲਾਂ ‘ਤੇ ਅਜਿਹਾ ਨਿਯਮ ਲਾਗੂ ਕਰਨ ਜਾ ਰਹੀ ਹੈ। ਮੁੱਖ ਮੰਤਰੀ ਐਮਕੇ ਸਟਾਲਿਨ ਨੇ ਇਹ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਸੂਬੇ ਦੇ ਸਕੂਲਾਂ ਵਿੱਚ ਜਾਤੀ ਵਿਵਾਦ ਵੱਧ ਰਹੇ ਸਨ। ਇਸ ਦੀਆਂ ਤਿਆਰੀਆਂ ਵੀ ਸਰਕਾਰ ਵੱਲੋਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ। ਦੱਸ ਦੇਈਏ ਕਿ ਜਾਤੀ ਵਿਵਾਦ ਨੂੰ ਲੈ ਕੇ ਇਕ ਸਾਲ ਪਹਿਲਾਂ ਬਣੀ ਕਮੇਟੀ ਨੇ 610 ਪੰਨਿਆਂ ਦੀ ਆਪਣੀ ਜਾਂਚ ਰਿਪੋਰਟ ਪੂਰੀ ਕਰ ਲਈ ਹੈ।
ਸਾਲ 2023 ਵਿੱਚ ਮਦਰਾਸ ਹਾਈ ਕੋਰਟ ਦੇ ਸੇਵਾਮੁਕਤ ਜਸਟਿਸ ਸ. ਚੰਦਰੂ ਦੀ ਪ੍ਰਧਾਨਗੀ ਹੇਠ ਬਣੀ ਕਮੇਟੀ ਨੇ ਆਪਣਾ ਪ੍ਰਸਤਾਵ ਸੀਐਮ ਐਮਕੇ ਸਟਾਲਿਨ ਨੂੰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ਮਹੀਨੇ ਤਿਰੂਨੇਲਵੇਲੀ ਦੇ ਨੰਗੁਨੇਰੀ ਦੇ ਇੱਕ ਸਕੂਲ ਵਿੱਚ ਜਾਤੀ ਭੇਦਭਾਵ ਕਾਰਨ ਅਨੁਸੂਚਿਤ ਜਾਤੀ ਭਾਈਚਾਰੇ ਦੇ ਇੱਕ ਭਰਾ-ਭੈਣ ਦੀ ਜੋੜੀ ‘ਤੇ ਇੱਕ ਹੋਰ ਜਾਤੀ ਦੇ ਵਿਦਿਆਰਥੀਆਂ ਨੇ ਹਮਲਾ ਕਰ ਦਿੱਤਾ ਸੀ। ਇਸ ਤੋਂ ਬਾਅਦ ਇਹ ਵਿਵਾਦ ਕਾਫੀ ਵਧ ਗਿਆ। ਇਸ ਤੋਂ ਬਾਅਦ ਸਰਕਾਰ ਨੇ ਇਸ ਸਬੰਧੀ ਕਮੇਟੀ ਬਣਾ ਕੇ ਇਸ ਦਾ ਹੱਲ ਕੱਢਣ ਲਈ ਕਿਹਾ।
ਕਮੇਟੀ ਨੇ ਮੁੱਖ ਮੰਤਰੀ ਨੂੰ ਆਪਣੀਆਂ ਸਿਫ਼ਾਰਸ਼ਾਂ ਵਿੱਚ ਜਾਤੀ ਭੇਦਭਾਵ ਨੂੰ ਦੂਰ ਕਰਨ ਲਈ ਕਈ ਸੁਝਾਅ ਦਿੱਤੇ ਹਨ। ਕਮੇਟੀ ਨੇ ਸਕੂਲਾਂ ਵਿੱਚ ਜਾਤੀ ਨੂੰ ਦਰਸਾਉਣ ਵਾਲੇ ਗੁੱਟ ਦੇ ਬੈਂਡ, ਮੁੰਦਰੀਆਂ ਅਤੇ ਮੱਥੇ ‘ਤੇ ਤਿਲਕ ਲਗਾਉਣ ‘ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਦਿੱਤਾ ਹੈ। ਜਾਤੀ ਨਾਲ ਸਬੰਧਤ ਤਸਵੀਰਾਂ ‘ਤੇ ਪਾਬੰਦੀ ਲਗਾਉਣ ਦੀ ਵੀ ਸਿਫਾਰਿਸ਼ ਕੀਤੀ ਗਈ ਹੈ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਬੱਚਾ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਉਸ ਖ਼ਿਲਾਫ਼ ਲੋੜੀਂਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਦੇ ਮਾਪਿਆਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਹ ਵੀ ਸੁਝਾਅ ਦਿੱਤਾ ਗਿਆ ਕਿ ਹਾਈ ਸਕੂਲ ਅਤੇ ਹਾਇਰ ਸੈਕੰਡਰੀ ਸਕੂਲਾਂ ਦੇ ਕਰਮਚਾਰੀਆਂ ਅਤੇ ਅਧਿਆਪਕਾਂ ਦੇ ਸਮੇਂ-ਸਮੇਂ ‘ਤੇ ਤਬਾਦਲੇ ਕੀਤੇ ਜਾਣ ਤਾਂ ਜੋ ਉਨ੍ਹਾਂ ਦਾ ਦਬਦਬਾ ਕਾਇਮ ਨਾ ਰਹੇ।