ਨਿਊਜ਼ ਡੈਸਕ: ਏਅਰ ਇੰਡੀਆ ਐਕਸਪ੍ਰੈਸ ਦੀ ਹੜਤਾਲ ਨੇ ਕੇਰਲ ਦੀ ਇੱਕ ਔਰਤ ਨੂੰ ਅਜਿਹਾ ਦਰਦ ਦਿੱਤਾ ਹੈ, ਜਿਸ ਨੂੰ ਉਹ ਜ਼ਿੰਦਗੀ ਭਰ ਭੁੱਲ ਨਹੀਂ ਸਕੇਗੀ। ਦਰਅਸਲ, ਏਅਰ ਇੰਡੀਆ ਐਕਸਪ੍ਰੈਸ ਦੇ ਕੈਬਿਨ ਕਰੂ ਦੀ ਹੜਤਾਲ ਕਾਰਨ 6 ਮਈ ਤੋਂ ਕਈ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਸਨ। ਜਿਸ ਤੋ ਬਾਅਦ ਲੋਕ ਕਾਫ਼ੀ ਪਰੇਸ਼ਾਨ ਹਨ । ਪਰ ਇਸ ਕਾਰਨ ਇੱਕ ਔਰਤ ਆਪਣੇ ਮ੍ਰਿਤਕ ਪਤੀ ਤੱਕ ਨਹੀਂ ਪਹੁੰਚ ਸਕੀ ਤਾਂ ਇਹ ਬਹੁਤ ਹੀ ਦੁਖਦਾਈ ਘਟਨਾ ਸੀ। ਨੰਬਰੀ ਰਾਜੇਸ਼ ਨੂੰ 5 ਮਈ ਨੂੰ ਮਸਕਟ ਸਥਿਤ ਉਨ੍ਹਾਂ ਦੇ ਦਫ਼ਤਰ ‘ਚ ਸਿਹਤ ਵਿਗੜਨ ‘ਤੇ ਹਸਪਤਾਲ ਲਿਜਾਇਆ ਗਿਆ ਸੀ। ਉਸਦੀ ਪਤਨੀ ਅੰਮ੍ਰਿਤਾ ਨੇ ਅਗਲੇ ਦਿਨ ਮਸਕਟ ਲਈ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਬੁੱਕ ਕੀਤੀ। ਜਦੋਂ ਉਹ ਤੈਅ ਸਮੇਂ ‘ਤੇ ਏਅਰਪੋਰਟ ਪਹੁੰਚੀ ਤਾਂ ਉਸ ਨੂੰ ਪਤਾ ਲੱਗਾ ਕਿ ਕੈਬਿਨ ਕਰੂ ਦੀ ਹੜਤਾਲ ਕਾਰਨ ਉਸ ਦੀ ਫਲਾਈਟ ਰੱਦ ਹੋ ਗਈ ਹੈ।
ਏਅਰਲਾਈਨ ਦੇ ਅਧਿਕਾਰੀਆਂ ਨੂੰ ਮਨਾਉਣ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ, ਅੰਮ੍ਰਿਤਾ ਦੀਆਂ ਮਿੰਨਤਾਂ ਅਤੇ ਹੰਝੂ ਨੂੰ ਸਭ ਨੇ ਅਣਗੌਲਿਆਂ ਕਰ ਦਿੱਤਾ । ਉਨ੍ਹਾਂ ਨੂੰ ਅਗਲੇ ਦਿਨ ਟਿਕਟਾਂ ਦੇਣ ਦਾ ਝੂਠਾ ਵਾਅਦਾ ਕਰਕੇ ਘਰ ਵਾਪਸ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਅੰਮ੍ਰਿਤਾ ਨੇ ਅਗਲੇ ਦਿਨ ਟਿਕਟ ਮਿਲਣ ਦੀ ਸੰਭਾਵਨਾ ਬਾਰੇ ਪੁੱਛਿਆ, ਪਰ ਉਸ ਦੀਆਂ ਕੋਸ਼ਿਸ਼ਾਂ ਬੇਕਾਰ ਗਈਆਂ। ਆਖਰਕਾਰ ਉਸ ਨੂੰ ਆਪਣੀ ਯਾਤਰਾ ਰੱਦ ਕਰਨੀ ਪਈ। ਏਅਰਲਾਈਨ ਕੰਪਨੀ ਨੇ ਕਿਹਾ ਕਿ ਉਹ ਇਨ੍ਹਾਂ ਹਾਲਾਤਾਂ ‘ਚ ਕੁਝ ਨਹੀਂ ਕਰ ਸਕਦੇ।
ਅੰਮ੍ਰਿਤਾ ਦੇ ਪਤੀ ਰਾਜੇਸ਼ ਦੀ ਸੋਮਵਾਰ ਸਵੇਰੇ ਹਸਪਤਾਲ ‘ਚ ਮੌਤ ਹੋ ਗਈ। ਇਸ ਖ਼ਬਰ ਨੇ ਅੰਮ੍ਰਿਤਾ ਅਤੇ ਉਸ ਦੇ ਪਰਿਵਾਰ ਨੂੰ ਡੂੰਘਾ ਸਦਮਾ ਪਹੁੰਚਾਇਆ। ਮੀਡੀਆ ਰਿਪੋਰਟਾਂ ਮੁਤਾਬਕ ਅੰਮ੍ਰਿਤਾ ਨਰਸਿੰਗ ਦਾ ਕੋਰਸ ਕਰ ਰਹੀ ਸੀ, ਜਦਕਿ ਰਾਜੇਸ਼ ਮਸਕਟ ‘ਚ ਆਈਟੀ ਮੈਨੇਜਰ ਦੇ ਅਹੁਦੇ ‘ਤੇ ਤਾਇਨਾਤ ਸੀ। ਇਸ ਜੋੜੇ ਦੇ ਦੋ ਬੱਚੇ ਹਨ। ਆਪਣੇ ਪਤੀ ਦੀ ਬੀਮਾਰੀ ਦੀ ਖਬਰ ਸੁਣ ਕੇ ਅੰਮ੍ਰਿਤਾ ਤੁਰੰਤ ਉਸ ਕੋਲ ਜਾਣਾ ਚਾਹੁੰਦੀ ਸੀ। ਪਰ ਉਸ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੇ ਪਤੀ ਦੀ ਮੌਤ ਦੀ ਖ਼ਬਰ ਆ ਗਈ।
ਪਿਛਲੇ ਹਫਤੇ, ਟਾਟਾ ਦੀ ਮਲਕੀਅਤ ਵਾਲੀ ਏਅਰਲਾਈਨ ਦੇ ਕਥਿਤ ਦੁਰਪ੍ਰਬੰਧ ਦੇ ਵਿਰੋਧ ਵਿੱਚ ਕੈਬਿਨ ਕਰੂ ਮੈਂਬਰਾਂ ਦੀ ਹੜਤਾਲ ਕਾਰਨ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਹਾਲਾਤ ਜੋ ਵੀ ਹੋਣ, ਕੀ ਅੰਮ੍ਰਿਤਾ ‘ਤੇ ਡਿੱਗੇ ਦੁੱਖ ਦੇ ਪਹਾੜ ਨੂੰ ਸੰਭਾਲਣ ਲਈ ਏਅਰਲਾਈਨ ਕੰਪਨੀ ਕੋਈ ਹੋਰ ਪ੍ਰਬੰਧ ਨਹੀਂ ਕਰ ਸਕਦੀ ਸੀ? ਇਹ ਸਵਾਲ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ।