ਪਟਿਆਲਾ: ਬੀਤੇ ਕੁਝ ਸਮੇਂ ਪਹਿਲਾਂ ਪਟਿਆਲਾ ਤੋਂ ਆਪਣੇ ਜਨਮਦਿਨ ਵਾਲੇ ਦਿਨ ਕੇਕ ਖਾਣ ਕਾਰਨ ਬੱਚੀ ਦੀ ਮੌਤ ਹੋ ਗਈ ਸੀ। ਅੱਜ ਮੁੜ ਅਜਿਹਾ ਮਾਮਲਾ ਸਾਹਮਣੇ ਆ ਰਿਹਾ ਹੈ; ਡੇਢ ਸਾਲ ਦੀ ਬੱਚੀ ਐਕਸਪਾਇਰ ਹੋ ਚੁੱਕੀ ਚਾਕਲੇਟ ਖਾਣ ਕਾਰਨ ਗੰਭੀਰ ਰੂਪਨਾਲ ਬੀਮਾਰ ਹੋ ਗਈ ਹੈ। ਪਹਿਲਾਂ ਤਾਂ ਇਹ ਸੋਚਿਆ ਜਾ ਰਿਹਾ ਸੀ ਕਿ ਬੱਚੀ ਨੂੰ ਕੋਈ ਮਾਮੂਲੀ ਤਕਲੀਫ ਹੋਈ ਹੋਵੇਗੀ ਪਰ ਸਮੇਂ ਦੇ ਨਾਲ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਖੂਨ ਦੀਆਂ ਉਲਟੀਆਂ ਆਉਣ ਲੱਗੀਆਂ, ਜਿਸ ਕਾਰਨ ਉਸ ਨੂੰ ਲੁਧਿਆਣਾ ਦੇ ਸੀਐੱਮਸੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਕੀ ਦੱਸਿਆ ਜਾ ਰਿਹਾ ਬੱਚੀ ਦੇ ਬੀਮਾਰ ਹੋਣ ਦਾ ਕਾਰਨ?
ਲੁਧਿਆਣਾ ‘ਚ ਰਹਿ ਰਹੀ ਬੱਚੀ ਦੇ ਪਰਿਵਾਰਕ ਮੈਂਬਰ ਪਟਿਆਲਾ ਆਪਣੀ ਰਿਸ਼ਤੇਦਾਰੀ ‘ਚ ਆਈ ਸੀ। ਰਿਸ਼ਤੇਦਾਰ ਵਿੱਕੀ ਦੇ ਪਰਿਵਾਰ ਵਲੋਂ ਬੱਚੀ ਨੂੰ ਬਹੁਤ ਹੀ ਲਾਡ ਪਿਆਰ ਨਾਲ ਚਾਕਲੇਟ, ਕਰਿਸਪਸ, ਜੂਸ ਆਦਿ ਵਾਲਾ ਗਿਫਟ ਪੈਕ ਵਾਲੀ ਬਾਲਟੀ ਦਿੱਤੀ ਗਈ। ਲੜਕੀ ਬੁੱਧਵਾਰ ਨੂੰ ਪਟਿਆਲਾ ਤੋਂ ਲੁਧਿਆਣਾ ਵਾਪਸ ਚਲੇ ਗਈ ਤੇ ਵੀਰਵਾਰ ਨੂੰ ਉਸ ਨੂੰ ਬਾਲਟੀ ਵਾਲਾ ਚਾਕਲੇਟ ਖਾਣ ਨੂੰ ਦਿੱਤਾ ਸੀ। ਪਟਿਆਲਾ ਰਹਿੰਦੇ ਰਿਸ਼ਤੇਦਾਰ ਵਿੱਕੀ ਨੇ ਦੱਸਿਆ ਕਿ ਚਾਕਲੇਟ ਖਾਣ ਤੋਂ ਬਾਅਦ ਡੇਢ ਸਾਲ ਦੀ ਬੱਚੀ ਦੀ ਹਾਲਤ ਨਾਜ਼ੁਕ ਹੋ ਗਈ ਸੀ।
ਇਸ ਤੋਂ ਬਾਅਦ ਇਸ ਬਾਲਟੀ ਵਿੱਚੋਂ ਇੱਕ ਹੋਰ ਚਾਕਲੇਟ 22 ਸਾਲ ਦੀ ਲੜਕੀ ਨੇ ਖਾ ਲਈ, ਜਿਸ ਤੋਂ ਬਾਅਦ ਉਸਦੀ ਵੀ ਸਿਹਤ ਵਿਗੜ ਗਈ ਸੀ, ਪਰ ਵੱਡੀ ਹੋਣ ਕਾਰਨ ਉਹ ਠੀਕ ਹੋ ਗਈ ਜਦਕਿ ਬੱਚੀ ਦੀ ਹਾਲਤ ਜ਼ਿਆਦਾ ਵਿਗੜ ਗਈ। ਵਿੱਕੀ ਨੇ ਦੱਸਿਆ ਕਿ ਜਦੋਂ ਉਹ ਸਿਹਤ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਕਿਲੇ ਦੇ ਪਿਛਲੇ ਪਾਸੇ ਸਥਿਤ ਮਿਠਾਈਆਂ ਦੀ ਦੁਕਾਨ ‘ਤੇ ਪਹੁੰਚੇ ਤਾਂ ਉਸ ਕੋਲੋਂ ਮਿਆਦ ਪੁੱਗ ਚੁੱਕੀਆਂ ਹੋਰ ਵਸਤੂਆਂ ਬਰਾਮਦ ਹੋਈਆਂ, ਜਿਨ੍ਹਾਂ ਨੂੰ ਸਿਹਤ ਵਿਭਾਗ ਦੀ ਟੀਮ ਨੇ ਜ਼ਬਤ ਕਰ ਲਿਆ।
ਵਿਭਾਗ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਸਿਹਤ ਵਿਭਾਗ ਦੇ ਨਾਲ ਪੁਲਿਸ ਮੁਲਾਜ਼ਮਾਂ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਪੁਲੀਸ ਨੇ ਸਬੰਧਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।