ਆਪ ਦੇ ਯੂਥ ਪ੍ਰਧਾਨ ਨੇ ਬਣਵਾਇਆ 12ਵੀਂ ਦਾ ਸਰਟੀਫਿਕੇਟ ਕਰ ਲਈ LLB, ਖੁਦ ਹੀ ਸ਼ਿਕਾਇਤ ਕਰਕੇ ਆਇਆ ਪੁਲਿਸ ਅੜਿੱਕੇ

Global Team
2 Min Read

ਲੁਧਿਆਣਾ: ਪੰਜਾਬ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਕਾਰਜਕਾਰੀ ਪ੍ਰਧਾਨ ਪਰਮਿੰਦਰ ਸਿੰਘ ਸੰਧੂ ਖ਼ਿਲਾਫ਼ ਥਾਣਾ ਕੇਸ ਦਰਜ ਕੀਤਾ ਹੈ। ਸੰਧੂ ‘ਤੇ ਐਲਐਲਬੀ ਕਰਨ ਲਈ 12ਵੀਂ ਜਮਾਤ ਪਾਸ ਕਰਨ ਦੇ ਜਾਅਲੀ ਸਰਟੀਫਿਕੇਟ ਦੀ ਵਰਤੋਂ ਕਰਨ ਦਾ ਦੋਸ਼ ਹੈ। ਸੰਧੂ ‘ਆਪ’ ਦੇ ਸੀਨੀਅਰ ਆਗੂਆਂ ਅਤੇ ਕਈ ਬੋਰਡਾਂ ਦੇ ਚੇਅਰਮੈਨਾਂ ਦੇ ਬਹੁਤ ਕਰੀਬੀ ਹਨ। ਸੰਧੂ ਇਸ ਤੋਂ ਪਹਿਲਾਂ ਅਕਾਲੀ ਦਲ (ਬਾਦਲ) ਵਿੱਚ ਸਨ।

ਪਰਮਿੰਦਰ ਸਿੰਘ ਸੰਧੂ ਵਾਸੀ ਗੋਪਾਲ ਨਗਰ ਟਿੱਬਾ ਰੋਡ ਨੇ ਖੁਦ ਐਡਵੋਕੇਟ ਦੀਪਕ ਪ੍ਰਜਾਪਤੀ ਖਿਲਾਫ ਥਾਣਾ ਡਿਵੀਜ਼ਨ ਨੰਬਰ 5 ਵਿੱਚ 11 ਨਵੰਬਰ 2022 ਨੂੰ ਐਫਆਈਆਰ ਦਰਜ ਕਰਵਾਈ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਦੀਪਕ ਨੇ ਉਸ ਨੂੰ ਕਾਨੂੰਨ ਦੀ ਪ੍ਰੈਕਟਿਸ ਕਰਨ ਲਈ ਜਾਅਲੀ ਲਾਇਸੈਂਸ ਮੁਹੱਈਆ ਕਰਵਾਇਆ ਸੀ।

ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਪਰਮਿੰਦਰ ਸਿੰਘ ਸੰਧੂ ਵੱਲੋਂ ਤਿਆਰ ਕੀਤਾ ਗਿਆ 12ਵੀਂ ਜਮਾਤ ਦਾ ਸਰਟੀਫਿਕੇਟ ਜਾਅਲੀ ਸੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਉਸੇ ਐਫਆਈਆਰ ਵਿੱਚ ਕੇਸ ਦਰਜ ਕਰ ਲਿਆ ਹੈ ਜੋ ਉਸ ਨੇ ਦਰਜ ਕਰਵਾਈ ਸੀ।

ਪੁਲਿਸ ਨੇ ਇਹ ਕਾਰਵਾਈ ਐਡਵੋਕੇਟ ਡੇਵਿਡ ਗਿੱਲ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਹੈ। ਐਡਵੋਕੇਟ ਗਿੱਲ ਨੇ 30 ਜਨਵਰੀ 2023 ਨੂੰ ਦਰਜ ਕਰਵਾਈ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਮੁਲਜ਼ਮ ਪਰਮਿੰਦਰ ਸਿੰਘ ਸੰਧੂ ਵੱਲੋਂ ਐਲਐਲਬੀ ਵਿੱਚ ਦਾਖ਼ਲਾ ਲੈਣ ਲਈ ਤਿਆਰ ਕੀਤਾ ਗਿਆ 12ਵੀਂ ਜਮਾਤ ਦਾ ਸਰਟੀਫਿਕੇਟ ਜਾਅਲੀ ਹੈ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ।

ਪੁਲਿਸ ਅਨੁਸਾਰ ਸੰਧੂ ਨੇ ਐਲਐਲਬੀ ਵਿੱਚ ਦਾਖ਼ਲੇ ਲਈ ਦਿੱਲੀ ਬੋਰਡ ਆਫ਼ ਸੀਨੀਅਰ ਸੈਕੰਡਰੀ ਐਜੂਕੇਸ਼ਨ ਵੱਲੋਂ ਜਾਰੀ 12ਵੀਂ ਜਮਾਤ ਦੇ ਸਰਟੀਫਿਕੇਟ ਦੀ ਵਰਤੋਂ ਕੀਤੀ ਸੀ। ਤਫਤੀਸ਼ ਦੌਰਾਨ ਉਸ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ‘ਚ ਦੱਸਿਆ ਕਿ ਉਸ ਨੇ 2008 ‘ਚ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਤੋਂ 12ਵੀਂ ਪਾਸ ਕੀਤੀ ਸੀ ਪਰ ਜਨਵਰੀ 2020 ‘ਚ ਉਸ ਦਾ ਸਰਟੀਫਿਕੇਟ ਗੁੰਮ ਹੋ ਗਿਆ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment