ਚੰਡੀਗੜ੍ਹ: ਚੰਡੀਗੜ੍ਹ ਦੇ ਮੇਅਰ ਦੇ ਚੋਣ ਅਧਿਕਾਰੀ ਰਹੇ ਅਨਿਲ ਮਸੀਹ ਨੇ ਸੁਪਰੀਮ ਕੋਰਟ ਤੋਂ ਬਿਨਾਂ ਸ਼ਰਤ ਮੁਆਫੀ ਮੰਗ ਲਈ ਹੈ। ਉਨ੍ਹਾਂ ‘ਤੇ ਮੇਅਰ ਚੋਣਾਂ ਦੌਰਾਨ ਬੈਲਟ ਪੇਪਰਾਂ ਨਾਲ ਛੇੜਛਾੜ ਕਰਨ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਾਣਬੁਝ ਕੇ ਹਰਾਉਣ ਦਾ ਦੋਸ਼ ਸੀ। ਉਨ੍ਹਾਂ ਦੇ ਫੈਸਲੇ ਨੂੰ ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ, ਜਿਸ ਤੋਂ ਬਾਅਦ ਅਦਾਲਤ ਨੇ ਫੈਸਲੇ ਨੂੰ ਪਲਟ ਦਿੱਤਾ ਸੀ। ਐਨਾ ਹੀ ਨਹੀਂ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖਣ ਤੋਂ ਬਾਅਦ ਅਦਾਲਤ ਨੇ ਕਿਹਾ ਸੀ ਕਿ ਅਨਿਲ ਮਸੀਹ ਕੈਮਰੇ ਨੂੰ ਦੇਖ ਕੇ ਕਾਗਜ਼ਾਂ ‘ਤੇ ਕੁਝ ਲਿਖ ਰਹੇ ਸੀ, ਜਦਕਿ ਉਹਨਾਂ ਨੂੰ ਅਜਿਹਾ ਕੁਝ ਕਰਨ ਦਾ ਅਧਿਕਾਰ ਨਹੀਂ ਹੈ। ਇਸ ਆਧਾਰ ‘ਤੇ ਅਦਾਲਤ ਨੇ ਮੰਨਿਆ ਸੀ ਕਿ ਚੋਣਾਂ ‘ਚ ਬੇਨਿਯਮੀਆਂ ਹੋਈਆਂ ਸਨ। ਹੁਣ ਅਨਿਲ ਮਸੀਹ ਨੇ ਮੁਆਫੀ ਮੰਗ ਲਈ ਹੈ।
ਡੀਵਾਈ ਚੰਦਰਚੂੜ ਨੇ ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੂੰ ਕਿਹਾ ਕਿ ਮਸੀਹ ਮੁਆਫ਼ੀ ਮੰਗ ਰਹੇ ਹਨ। ਉਹਨਾਂ ਨੇ ਕਿਹਾ, ‘ਅਸੀਂ ਮੁਆਫੀ ਚਾਹੁੰਦੇ ਹਾਂ। ਮੈਂ ਉਹਨਾਂ ਨਾਲ ਲੰਮੀ ਗੱਲ ਕੀਤੀ ਹੈ। ਉਹ ਹਲਫਨਾਮਾ ਦਾਇਰ ਕਰਕੇ ਮੁਆਫੀ ਮੰਗਣਗੇ । ਹੁਣ ਇਸ ਮਾਮਲੇ ਦੀ ਸੁਣਵਾਈ ਜੁਲਾਈ ਦੇ ਦੂਜੇ ਹਫ਼ਤੇ ਹੋਵੇਗੀ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਮੇਅਰ ਬਣਾਉਣ ਦਾ ਫੈਸਲਾ ਸੁਣਾਇਆ ਸੀ।ਜਦਕਿ ਭਾਜਪਾ ਦੇ ਮਨੋਜ ਸੋਨਕਰ ਨੂੰ ਮੇਅਰ ਬਣਾਇਆ ਗਿਆ। ਫਿਰ ਸੁਪਰੀਮ ਕੋਰਟ ਨੇ ਇਸ ਫੈਸਲੇ ਨੂੰ ਪਲਟ ਦਿੱਤਾ ਅਤੇ ਕੁਲਦੀਪ ਕੁਮਾਰ ਨੂੰ ਦੁਬਾਰਾ ਮੇਅਰ ਬਣਾ ਦਿੱਤਾ ਗਿਆ।
ਇਸ ਮਾਮਲੇ ‘ਚ ਸੁਪਰੀਮ ਕੋਰਟ ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਅਨਿਲ ਮਸੀਹ ਨੇ ਅਪਰਾਧ ਕੀਤਾ ਹੈ। ਉਹਨਾਂ ਖਿਲਾਫ ਕੇਸ ਦਰਜ ਕੀਤਾ ਜਾਵੇ। ਅਦਾਲਤ ਨੇ ਕਿਹਾ ਕਿ ਉਹਂਾਂ ਨੇ ਪੂਰੀ ਚੋਣ ਪ੍ਰਕਿਰਿਆ ‘ਚ ਗਲਤ ਢੰਗ ਨਾਲ ਰੁਕਾਵਟ ਪਾਈ, ਜਦਕਿ ਚੋਣਾਂ ਨੂੰ ਸਹੀ ਢੰਗ ਨਾਲ ਕਰਵਾਉਣ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ। ਇਸ ਮਾਮਲੇ ਵਿੱਚ ਅਨਿਲ ਮਸੀਹ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਦੱਸ ਦਈਏ ਕਿ ਅਦਾਲਤ ਨੇ ਮੇਅਰ ਚੋਣ ਦੇ ਬੈਲਟ ਪੇਪਰ ਵੀ ਦੇਖੇ ਸਨ ਅਤੇ ਉਸ ਤੋਂ ਬਾਅਦ ਹੀ ਮੇਅਰ ਚੋਣ ਦੇ ਫੈਸਲੇ ਨੂੰ ਪਲਟਣ ਦਾ ਹੁਕਮ ਦਿੱਤਾ ਸੀ।