ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਦੋਹਰਾ ਝਟਕਾ ਲੱਗਾ ਹੈ। ਆਪ ਦੇ ਇਕਲੌਤੇ ਸਾਂਸਦ ਮੈਂਬਰ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਆਪ ਦੇ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਵੀ ਭਾਜਪਾ ਵਿੱਚ ਆ ਗਏ ਹਨ। ਇਸ ਫੇਰਬਦਲ ਨਾਲ ਬੀਜੇਪੀ ਦੀ ਨੂੰ ਜਿੱਥੇ ਉਮੀਦਵਾਰ ਦੇ ਨਾਲ ਨਾਲ ਮਜ਼ਬੂਤੀ ਮਿਲੀ ਹੈ। ਉੱਥੇ ਹੀ ਆਮ ਆਦਮੀ ਪਾਰਟੀ ਲਈ ਝਟਕਾ ਹੈ। ਕਿਉਂਕਿ ਰਿੰਕੂ ਨੂੰ ਆਪ ਨੇ ਜਲੰਧਰ ਤੋਂ ਉਮੀਦਵਾਰ ਐਲਾਨ ਦਿੱਤਾ ਸੀ। ਪੰਜਾਬ ਵਿੱਚ ਆਪ ਨੇ 8 ਉਮੀਦਵਾਰ ਐਲਾਨੇ ਹਨ। ਰਿੰਕੂ ਦੇ ਜਾਣ ਤੋਂ ਬਾਅਦ ਹੁਣ ਆਪ ਦੇ 7 ਉਮੀਦਵਾਰ ਰਹਿ ਗਏ ਹਨ। ਜਲੰਧਰ ਲੋਕ ਸਭਾ ਸੀਟ ਲਈ ਹੁਣ ਆਪ ਨੂੰ ਮੁੜ ਤੋਂ ਉਮੀਦਵਾਰ ਦੀ ਭਾਲ ਕਰਨੀ ਪਵੇਗੀ।
ਬੀਤੇ ਦਿਨ ਲੁਧਿਆਣਾ ਤੋਂ ਕਾਂਗਰਸ ਦੇ ਐਮਪੀ ਰਵਨੀਤ ਸਿੰਘ ਬਿੱਟੂ ਵੀ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ। ਮੰਨਿਆ ਜਾ ਰਿਹਾ ਹੈ ਕਿ ਬੀਜੇਪੀ ਬਿੱਟੂ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾਉਣ ਜਾ ਰਹੀ ਹੈ। ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਪਰਨੀਤ ਕੌਰ ਵੀ ਕਾਂਗਰਸ ਛੱਡ ਬੀਜੇਪੀ ਵਿੱਚ ਚਲੇ ਗਏ ਸਨ। ਭਾਜਪਾ ਪਰਨੀਤ ਕੌਰ ਨੂੰ ਪਟਿਆਲਾ ਤੋਂ ਉਮੀਦਵਾਰ ਬਣਾ ਸਕਦੀ ਹੈ। ਯਾਨੀ ਬੀਜੇਪੀ ਕੋਲ ਤਿੰਨ ਉਮੀਦਵਾਰ ਪੱਕੇ ਹੋ ਗਏ ਹਨ। ਬੀਜੇਪੀ ਦਾ ਅਕਾਲੀ ਦਲ ਨਾਲ ਗਠਜੋੜ ਵੀ ਨਹੀਂ ਹੋ ਸਕਿਆ ਜਿਸ ਤੋਂ ਬਾਅਦ ਭਾਜਪਾ ਨੇ ਐਲਾਨ ਕੀਤਾ ਸੀ ਕਿ ਅਸੀਂ ਪੰਜਾਬ ਵਿੱਚ ਇਕੱਲੇ ਹੀ 13 ਦੀਆਂ 13 ਸੀਟਾਂ ‘ਤੇ ਚੋਣ ਲੜਾਂਗੇ।