ਕੇਜਰੀਵਾਲ ਦੀ ਗ੍ਰਿਫ਼ਤਾਰੀ ‘ਤੇ ‘ਆਪ’ ਦੇ ‘ਸਿਆਸੀ ਡਰਾਮੇ’ ਨਿੰਦਣਯੋਗ: ਬ੍ਰਹਮਪੁਰਾ

Global Team
3 Min Read

ਤਰਨ ਤਾਰਨ: ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਇੱਕ ਜ਼ਬਰਦਸਤ‌ ਬਿਆਨ ਜਾਰੀ ਕਰਕੇ ਆਮ ਆਦਮੀ ਪਾਰਟੀ ਵੱਲੋਂ ਸ਼ਰਾਬ ਘੁਟਾਲੇ ਵਿੱਚ ਗ੍ਰਿਫ਼ਤਾਰੀ ਦੇ ਮੱਦੇਨਜ਼ਰ ਅਰਵਿੰਦ ਕੇਜਰੀਵਾਲ ਪ੍ਰਤੀ ਹਮਦਰਦੀ ਪ੍ਰਗਟਾਉਣ ਦੀ ਨਿਖੇਧੀ ਕੀਤੀ ਹੈ। ‘ਆਪ’ ਦੇ ਸਿਆਸੀ ਨਾਟਕਾਂ ‘ਤੇ ਨਿਰਾਸ਼ਾ ਜ਼ਾਹਰ ਕਰਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਅਜਿਹੀਆਂ ਚਾਲਾਂ ਵਿਚ ਫ਼ਸਣ ਵਾਲੇ ਨਹੀਂ ਹਨ।

ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਦੀ ਸਮੁੱਚੀ ‘ਆਪ’ ਲੀਡਰਸ਼ਿਪ ਵੱਲੋਂ ਦਿੱਲੀ ‘ਚ ਕੇਜਰੀਵਾਲ ਦੇ ਕਾਜ਼ ਲਈ ਦਿਖਾਏ ਗਏ ਭਰਪੂਰ ਸਮਰਥਨ ਨੇ ਪੰਜਾਬ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਨਿਰਾਸ਼ ਕਰ ਦਿੱਤਾ ਹੈ। ਪੰਜਾਬ ਦੀ ਜਨਤਾ ਵੱਲੋਂ ਇੱਕ ਮਹੱਤਵਪੂਰਨ ਫ਼ਤਵਾ ਸੌਂਪੇ ਜਾਣ ਦੇ ਬਾਵਜੂਦ, ਪੰਜਾਬ ਦੇ ‘ਆਪ’ ਆਗੂ ਸੂਬੇ ਦੀ ਭਲਾਈ ਲਈ ਕੰਮ ਕਰਨ ਦੀ ਬਜਾਏ ਆਪਣੀ ਪਾਰਟੀ ਦੇ ਇਸ਼ਾਰਿਆਂ ‘ਤੇ ਕੇਂਦਰਿਤ ਹਨ ਜੋ ਕਿ ਬੇਹੱਦ ਸ਼ਰਮਨਾਕ ਗੱਲ ਹੈ।

ਬ੍ਰਹਮਪੁਰਾ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਰੋਜ਼ਾਨਾ ਨੌਜਵਾਨ ਨਸ਼ਿਆਂ ਦੇ ਸ਼ਿਕਾਰ ਹੋ ਰਹੇ ਹਨ, ਆਮ ਆਦਮੀ ਨੂੰ ਕਾਰੋਬਾਰਾਂ ਵਿੱਚ ਖੜੋਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਥਾਨਕ ਸਰਕਾਰੀ ਦਫ਼ਤਰਾਂ ਵਿੱਚ ਫ਼ੈਲੇ ਭ੍ਰਿਸ਼ਟਾਚਾਰ ਨੂੰ ਵੇਖਣਾ ਬੇਹੱਦ ਨਿਰਾਸ਼ਾਜਨਕ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਸੰਗਰੂਰ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੁਖਾਂਤ ਫੌਰੀ ਧਿਆਨ ਦਾ ਮੰਗ ਕਰਦੀਆਂ ਹਨ, ਉੱਥੇ ਪੰਜਾਬ ਸਰਕਾਰ ਦੀ ਚੁੱਪ ਚਿੰਤਾਜਨਕ ਹੈ।

ਬ੍ਰਹਮਪੁਰਾ ਨੇ ਜਵਾਬਦੇਹੀ ਦੀ ਮੰਗ ਕਰਦੇ ਹੋਏ ਕਿਹਾ ਕਿ ਦਿੱਲੀ ਸ਼ਰਾਬ ਘੁਟਾਲੇ ਵਾਂਗ ਪੰਜਾਬ ਵਿੱਚ ਵੀ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਪੰਜਾਬ ਵਿੱਚ ਨਾਜਾਇਜ਼ ਗਤੀਵਿਧੀਆਂ ਪਿੱਛੇ ਸੱਚਾਈ ਦਾ ਪਤਾ ਲਗਾਇਆ ਜਾ ਸਕੇ ਅਤੇ ਕੇਜਰੀਵਾਲ ਸਮੇਤ ਪੰਜਾਬ ਦੇ ਦੋਸ਼ੀਆਂ ਨੂੰ ਵੀ ਜਵਾਬਦੇਹ ਬਣਾਇਆ ਜਾ ਸਕੇ। ਉਨ੍ਹਾਂ ਨੇ ਸੂਬੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਸ਼ਰਾਬ ਦੇ ਨਿਰਮਾਣ ਨੂੰ ਖ਼ਤਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।

ਬ੍ਰਹਮਪੁਰਾ ਨੇ ਮੌਜੂਦਾ ‘ਆਪ’ ਸਰਕਾਰ ਦੀ ਇਨ੍ਹਾਂ ਅਹਿਮ ਮੁੱਦਿਆਂ ਨਾਲ ਨਜਿੱਠਣ ਦੀ ਕਾਰਜਕੁਸ਼ਲਤਾ ‘ਤੇ ਸਵਾਲ ਉਠਾਏ ਅਤੇ ਅਸਲ ਚੁਣੌਤੀਆਂ ਤੋਂ ਧਿਆਨ ਹਟਾਉਣ ਲਈ ਉਨ੍ਹਾਂ ਦੀਆਂ ਬੇਲੋੜੀਆਂ ਚਾਲਾਂ ਦੀ ਆਲੋਚਨਾ ਕੀਤੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਆਪ’ ਲੀਡਰਸ਼ਿਪ ਵੱਲੋਂ ਰਚੀ ਜਾ ਰਹੀ ਸਿਆਸੀ ਡਰਾਮੇਬਾਜ਼ੀ ‘ਤੇ ਬਿਲਕੁਲ ਵੀ ਧਿਆਨ ਨਾ ਦੇਣ।

ਬ੍ਰਹਮਪੁਰਾ ਨੇ ਚਲ ਰਹੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿੱਚ ਆਪਣੇ ਭਰੋਸੇ ਦੀ ਪੁਸ਼ਟੀ ਕੀਤੀ ਅਤੇ ਆਸ ਪ੍ਰਗਟਾਈ ਕਿ ਲੋਕ ਖ਼ੇਤਰੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਨੂੰ ਸੂਬੇ ਦੀਆਂ ਅਸਲ ਲੋੜਾਂ ਨੂੰ ਪੂਰਾ ਕਰਨ ਦੀ ਵਚਨਬੱਧਤਾ ਦਾ ਅਟੁੱਟ ਸਮਰਥਨ ਕਰਨਗੇ।

Share This Article
Leave a Comment