ਇੰਡੀਆ ਗਠਜੋੜ ਦੀ ਹਾਰ: ਚੰਡੀਗੜ੍ਹ ਦੀ ਸੀਨੀਅਰ ਡਿਪਟੀ ਮੇਅਰ-ਡਿਪਟੀ ਮੇਅਰ ਚੋਣਾਂ ‘ਚ ਭਾਜਪਾ ਨੇ ਹਾਸਲ ਕੀਤੀ ਜਿੱਤ

Global Team
2 Min Read

ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਵਿੱਚ I.N.D.I.A ਗਠਜੋੜ ਨੂੰ ਪਹਿਲੀ ਹਾਰ ਮਿਲੀ ਹੈ। ਸੀਨੀਅਰ ਡਿਪਟੀ ਮੇਅਰ ਦੀ ਚੋਣ ਵਿੱਚ ਭਾਜਪਾ ਉਮੀਦਵਾਰ ਕੁਲਜੀਤ ਸੰਧੂ 3 ਵੋਟਾਂ ਨਾਲ ਜੇਤੂ ਰਹੇ। ਉਨ੍ਹਾਂ ਨੂੰ 19 ਵੋਟਾਂ ਅਤੇ ਆਪ-ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੈਵੀ ਨੂੰ 16 ਵੋਟਾਂ ਮਿਲੀਆਂ, ਜਦਕਿ ਗਠਜੋੜ ਦੀ ਇੱਕ ਵੋਟ ਰੱਦ ਹੋ ਗਈ।

ਉੱਥੇ ਹੀ ਡਿਪਟੀ ਮੇਅਰ ਦੇ ਅਹੁਦੇ ‘ਤੇ ਭਾਜਪਾ ਉਮੀਦਵਾਰ ਰਾਜਿੰਦਰ ਸ਼ਰਮਾ 2 ਵੋਟਾਂ ਨਾਲ ਜੇਤੂ ਰਹੇ। ਰਾਜਿੰਦਰ ਨੂੰ 19 ਅਤੇ ‘ਆਪ’-ਕਾਂਗਰਸ ਦੀ ਉਮੀਦਵਾਰ ਨਿਰਮਲਾ ਦੇਵੀ ਨੂੰ 17 ਵੋਟਾਂ ਮਿਲੀਆਂ।

ਇਸ ਚੋਣ ਲਈ ਮੇਅਰ ਕੁਲਦੀਪ ਕੁਮਾਰ ਨੂੰ ਰਿਟਰਨਿੰਗ ਅਫ਼ਸਰ ਬਣਾਇਆ ਗਿਆ ਸੀ। ਕੁਲਦੀਪ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰ ਹਨ, ਪਰ ਕਾਂਗਰਸ ਦੇ ਸਮਰਥਨ ਨਾਲ ਮੇਅਰ ਬਣੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਚੋਣ ਅਧਿਕਾਰੀ ਅਨਿਲ ਮਸੀਹ ਨੇ ਭਾਜਪਾ ਦੇ ਮਨੋਜ ਸੋਨਕਰ ਨੂੰ 8 ਵੋਟਾਂ ਰੱਦ ਕਰਕੇ ਮੇਅਰ ਬਣਾਇਆ ਸੀ। ਫਿਰ ਜਦੋਂ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਤਾਂ ਕੁਲਦੀਪ ਕੁਮਾਰ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ।

ਮੇਅਰ ਚੋਣਾਂ ਵੇਲੇ ‘ਆਪ’-ਕਾਂਗਰਸ I.N.D.I.A ਗਠਜੋੜ ਕੋਲ ਬਹੁਮਤ ਸੀ। ਉਨ੍ਹਾਂ ਦੀਆਂ 20 ਵੋਟਾਂ ਸਨ, ਜਦਕਿ ਭਾਜਪਾ ਦੇ ਸੰਸਦ ਮੈਂਬਰਾਂ ਅਤੇ ਅਕਾਲੀ ਦਲ ਦੀਆਂ ਮਿਲ ਕੇ 16 ਵੋਟਾਂ ਸਨ।

ਪਰ ਮੇਅਰ ਚੋਣਾਂ ਤੋਂ ਬਾਅਦ 3 ਕੌਂਸਲਰ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਜਿਸ ਤੋਂ ਬਾਅਦ ਭਾਜਪਾ ਨੂੰ 17 ਕੌਂਸਲਰ, ਇਕ ਸੰਸਦ ਮੈਂਬਰ ਅਤੇ ਅਕਾਲੀ ਦਲ ਦੇ ਇਕ ਕੌਂਸਲਰ ਸਮੇਤ 19 ਵੋਟਾਂ ਮਿਲੀਆਂ। ਜਦੋਂ ਕਿ ‘ਆਪ’-ਕਾਂਗਰਸ ਦੀਆਂ 10 ਵੋਟਾਂ ਅਤੇ ਕਾਂਗਰਸ ਦੀਆਂ 7 ਵੋਟਾਂ ਸਮੇਤ 17 ਵੋਟਾਂ ਰਹਿ ਗਈਆਂ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment