‘ਸੂਬੇ ਦੇ ਨੌਜਵਾਨਾਂ ਨੂੰ ਸਰਕਾਰ ਨਾਲੋਂ IELTS ‘ਤੇ ਜ਼ਿਆਦਾ ਭਰੋਸਾ’

Global Team
2 Min Read

ਚੰਡੀਗੜ੍ਹ: ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ ਦੀ ਵਿਚਾਰਧਾਰਾ ‘ਤੇ ਚੱਲਣ ਦਾ ਦਾਅਵਾ ਕਰਨ ਵਾਲੀ ਮਾਨ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਲਾਚਾਰ ਕਰਕੇ ਰੱਖ ਦਿੱਤਾ ਹੈ। ਜਿਸ ਕਾਰਨ ਪੰਜਾਬ ਦੀ ਜਵਾਨੀ ਮਜ਼ਬੂਰ ਹੋ ਕੇ ਵਿਦੇਸ਼ਾਂ ਵੱਲ ਨੂੰ ਕੂਚ ਕਰ ਰਹੀ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਖੰਨਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸੂਬਾ ਸਰਕਾਰ ਨਾਲੋਂ ਵੱਧ ਭਰੋਸਾ ਆਇਲਟਸ ਕੇਂਦਰਾਂ ਵਿੱਚ ਹੈ, ਜਿੱਥੇ ਉਨ੍ਹਾਂ ਨੂੰ ਆਪਣਾ ਸੁਰੱਖਿਅਤ ਭਵਿੱਖ ਬਣਾਉਣ ਦੀ ਆਸ ਦਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬੀਤੇ ਸਾਲ ਕਰੀਬਨ 6 ਲੱਖ ਤੋਂ ਵਧ ਬੱਚਿਆਂ ਵੱਲੋਂ ਵਿਦੇਸ਼ਾਂ ਵਿੱਚ ਵੱਸਣ ਲਈ ਆਇਲਟਸ ਦੇ ਪੇਪਰ ਦੀ ਫੀਸ ਭਰੀ ਗਈ ਸੀ। ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀ ਤਾਂ ਦੂਰ ਦੀ ਗੱਲ, ਆਪ ਸਰਕਾਰ ਨੌਜਵਾਨਾਂ ਨੂੰ 20 ਤੋਂ 25 ਹਜਾਰ ਵਾਲੀ ਨੌਕਰੀ ਦਾ ਪ੍ਰਬੰਧ ਕਰਨ ਵਿਚ ਨਾਕਾਮ ਹੈ, ਜਿਸ ਕਾਰਨ ਪੰਜਾਬ ਦੇ ਗੱਬਰੂ ਦੁਬਈ, ਕਤਰ, ਕੁਵੈਤ, ਅਰਬੀਆ ਸਮੇਤ ਹੋਰਨਾਂ ਅਰਬ ਦੇਸ਼ਾਂ ਵਿਚ ਦਿਹਾੜੀਆਂ ਲਾਕੇ ਆਪਣਾ ਘਰ ਦਾ ਗੁਜਾਰਾ ਚਲਾ ਰਹੇ ਹਨ।

ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ ਬੈਲਡਰ, ਇਲੈਕਟਰਰੇਸ਼ਨ, ਪਲੰਬਰ, ਡਰਾਈਵਰ, ਡਾਟਾ ਐਂਟਰੀ ਅਪਰੇਟਰ ਅਤੇ ਹੋਰ ਹੁਨਰਮੰਦ ਕਾਰੀਗਰ ਪੰਜਾਬ ਵਿੱਚ ਘੱਟ ਮਿਹਨਤਾਨਾ ਮਿਲਣ ਕਾਰਨ ਵਿਦੇਸ਼ਾਂ ਦਾ ਰੁਖ਼ ਕਰ ਰਿਹਾ ਹੈ।

ਖੰਨਾ ਨੇ ਕਿਹਾ ਕਿ ਸੂਬੇ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਵਾਲੀ ਸੂਬਾ ਸਰਕਾਰ ਨੇ ਇਸ ਨੂੰ ਕੰਗਾਲੀ ਦੇ ਰਾਹ ਤੋਰਨ ਦੇ ਫੈਸਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਕਾ ਅਰਵਿੰਦ ਕੇਜ਼ਰੀਵਾਲ ਨੂੰ ਖੁਸ਼ ਕਰਨ ਲਈ ਸੂਬੇ ਦੇ ਜਹਾਜਾਂ ਦੀ ਦੁਰਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੇ ਕਰਜੇ ਕਾਰਨ ਅੱਜ ਖੁਸ਼ਹਾਲ ਪੰਜਾਬ ਬਰਬਾਦੀ ਕੰਢੇ ਖੜ੍ਹਾ ਹੈ।

ਉਨ੍ਹਾਂ ਕਿਹਾ ਕਿ ਰੋਜ਼ਗਾਰ ਦੇ ਨਾਮ ਤੇ ਸੂਬਾ ਸਰਕਾਰ ਇੱਕ ਵੀ ਕਦਮ ਨਹੀਂ ਚੁੱਕ ਸਕੀ, ਜਿਸ ਕਾਰਨ ਸੂਬੇ ਦੇ ਨੌਜਵਾਨਾਂ ਵਿੱਚ ਨਿਰਾਸ਼ਤਾ ਦਾ ਮਾਹੌਲ ਹੈ।

Share This Article
Leave a Comment