ਚੰਡੀਗੜ੍ਹ: ਪੰਜਾਬ ਸਰਕਾਰ ਨੇ ਅਪਣੇ ਮੰਤਰੀਆਂ ਨੂੰ ਨਵੀਆਂ ਕਾਰਾਂ ਦਿਤੀਆਂ ਹਨ।ਪਹਿਲੀ ਵਾਰ ਸਰਕਾਰ ਨੇ ਆਪਣੇ 10 ਮੰਤਰੀਆਂ ਨੂੰ ਇੱਕ-ਇੱਕ ਇਨੋਵਾ ਕ੍ਰਿਸਟਾ ਅਤੇ ਬੋਲੇਰੋ ਟਾਪ ਮਾਡਲ ਕਾਰ ਦਿੱਤੀ ਹੈ। ਕਰੀਬ 3 ਕਰੋੜ ਰੁਪਏ ਵਿੱਚ ਗੱਡੀਆਂ ਖਰੀਦੀਆਂ ਗਈਆਂ ਹਨ। ਖਰੀਦ ਪ੍ਰਕਿਰਿਆ ਕੇਂਦਰ ਸਰਕਾਰ ਦੇ ਜੈਮ ਪੋਰਟਲ ਰਾਹੀਂ ਕੀਤੀ ਗਈ ਸੀ। ਹਾਲਾਂਕਿ ਵਿਰੋਧੀ ਪਾਰਟੀਆਂ ਇਸ ’ਤੇ ਸਵਾਲ ਚੁੱਕ ਰਹੀਆਂ ਹਨ। ਸਰਕਾਰ ਦਾ ਤਰਕ ਹੈ ਕਿ ਮੰਤਰੀਆਂ ਕੋਲ ਪੁਰਾਣੀਆਂ ਗੱਡੀਆਂ ਹਨ। ਉਹ ਕਿਤੇ ਵੀ ਖਰਾਬ ਹੋ ਸਕਦੀਆਂ ਹਨ। ਇਸ ਕਾਰਨ ਇਹ ਫੈਸਲਾ ਲਿਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ 10 ਗੱਡੀਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਲਾਲ ਚੰਦ ਕਟਾਰੂਚੱਕ, ਲਾਲਜੀਤ ਸਿੰਘ ਭੁੱਲਰ, ਬ੍ਰਹਮਸ਼ੰਕਰ ਜਿੰਪਾ, ਚੇਤਨ ਸਿੰਘ ਜੌੜਾਮਾਜਰਾ, ਡਾ. ਬਲਬੀਰ ਸਿੰਘ, ਬਲਕਾਰ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਗੁਰਮੀਤ ਸਿੰਘ ਖੁੱਡੀਆਂ ਅਤੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਅਲਾਟ ਕੀਤੀਆਂ ਗਈਆਂ ਹਨ। ਮੰਤਰੀਆਂ ਨੂੰ ਸਟਾਫ ਕਾਰ ਵਜੋਂ ਇਨੋਵਾ ਕ੍ਰਿਸਟਾ ਅਤੇ ਸੁਰੱਖਿਆ ਸਟਾਫ਼ ਨੂੰ ਬੋਲੈਰੋ ਦਿਤੀ ਗਈ ਹੈ। ਇਹ ਗੱਡੀਆਂ ਕੁੱਝ ਮੰਤਰੀਆਂ ਨੂੰ ਪਹੁੰਚਾ ਦਿਤੀਆਂ ਗਈਆਂ ਹਨ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਬਲਜੀਤ ਕੌਰ ਨੂੰ ਪਹਿਲਾਂ ਹੀ ਫਾਰਚੂਨਰ ਕਾਰਾਂ ਦਿੱਤੀਆਂ ਗਈਆਂ ਸਨ। ਜਦਕਿ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਅਨਮੋਲ ਗਗਨ ਮਾਨ ਆਪਣੀਆਂ ਨਿੱਜੀ ਕਾਰਾਂ ਦੀ ਵਰਤੋਂ ਕਰਦੇ ਹਨ। ਇਕ ਮੰਤਰੀ ਨੇ ਕਿਹਾ ਕਿ ਪੁਰਾਣੇ ਵਾਹਨਾਂ ਨੇ 4 ਲੱਖ ਕਿਲੋਮੀਟਰ ਤੋਂ ਵੱਧ ਦਾ ਸਫਰ ਤੈਅ ਕੀਤਾ ਹੈ। ਅਜਿਹੇ ਹਾਲਾਤ ਵਿੱਚ ਅਕਸਰ ਉਨ੍ਹਾਂ ਵਿੱਚ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।
ਕਾਂਗਰਸ ਸਰਕਾਰ ਨੇ ਆਖਰੀ ਵਾਰ ਜੁਲਾਈ 2021 ਵਿਚ 21 ਇਨੋਵਾ ਗੱਡੀਆਂ ਖਰੀਦੀਆਂ ਸਨ। ਇਹ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਅਲਾਟ ਹੋਈਆਂ ਸਨ। ਉਸ ਸਮੇਂ ਕਾਂਗਰਸੀ ਮੰਤਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਵਿਰੁਧ ਮੋਰਚਾ ਖੋਲ੍ਹ ਦਿਤਾ ਸੀ ਤਾਂ ਇਹ ਗੱਡੀਆਂ ਕੈਪਟਨ ਧੜੇ ਦੇ ਵਿਧਾਇਕਾਂ ਨੂੰ ਅਲਾਟ ਕਰ ਦਿਤੀਆਂ ਗਈਆਂ ਸਨ। ਉਸ ਸਮੇਂ ਇਨ੍ਹਾਂ ਦੀ ਲਾਗਤ 4.25 ਕਰੋੜ ਰੁਪਏ ਆਈ ਸੀ। ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਜੁਲਾਈ 2020 ਵਿਚ 17 ਨਵੇਂ ਵਾਹਨ ਖਰੀਦੇ ਸਨ।