ਚੰਡੀਗੜ੍ਹ/ਮਾਲੇਰਕੋਟਲਾ: ਪੰਜਾਬ ਸਰਕਾਰ ਵੱਲੋਂ ਦੇਸ਼ ਦੀ ਅਮੀਰ ਵਿਰਾਸਤ ਸੂਫ਼ੀ ਗਾਇਕੀ ਨੂੰ ਮੁੜ ਸੁਰਜੀਤ ਕਰਨ ਲਈ ਆਰੰਭੇ ਗਏ ਉਪਰਾਲਿਆਂ ਦੀ ਕੜੀ ਵਜੋਂ “ਸੂਫ਼ੀ ਫ਼ੈਸਟੀਵਲ” ਦਾ ਆਗਾਜ਼ ਅੱਜ ਸਥਾਨਕ ਸਰਕਾਰੀ ਕਾਲਜ ਵਿਖੇ ਹੋਇਆ। ਚਾਰ ਦਿਨ ਚੱਲਣ ਵਾਲੇ ਇਸ ਫੈਸਟੀਵਲ ਦਾ ਉਦਘਾਟਨ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਜਮੀਲ ਉਰ ਰਹਿਮਾਨ ਨੇ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰ ਸੁਰਿੰਦਰ ਸਿੰਘ, ਸ੍ਰ ਗੁਰਲਵਲੀਨ ਸਿੰਘ ਸਿੱਧੂ ਸਾਬਕਾ ਆਈ ਏ ਐਸ, ਐੱਸ ਡੀ ਐੱਮ ਅਹਿਮਦਗੜ੍ਹ ਸ੍ਰ ਹਰਬੰਸ ਸਿੰਘ, ਐੱਸ ਡੀ ਐੱਮ ਅਮਰਗੜ੍ਹ ਸ਼੍ਰੀਮਤੀ ਸੁਰਿੰਦਰ ਕੌਰ, ਸਾਕਿਬ ਅਲੀ ਰਾਜਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਫਰੀਆਲ ਉਰ ਰਹਿਮਾਨ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।
ਇਸ ਮੌਕੇ ਇਕੱਤਰ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਜਮੀਲ ਓਰ ਰਹਿਮਾਨ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਅਸਲੀ ਅਰਥਾਂ ਵਿੱਚ ਰੰਗਲਾ ਪੰਜਾਬ ਬਣਾਉਣ ਲਈ ਯਤਨਸ਼ੀਲ ਹੈ। ਇਸ ਰੰਗਲੇ ਪੰਜਾਬ ਵਿੱਚ ਜਿੱਥੇ ਰਿਵਾਇਤੀ ਪੰਜਾਬ ਦੇ ਹਰੇਕ ਰੰਗ ਦੇ ਦਰਸ਼ਨ ਹੋਣਗੇ ਉਥੇ ਹੀ ਸੂਫ਼ੀ ਗਾਇਕੀ ਅਤੇ ਕਲਾ ਨੂੰ ਵੀ ਮੁੜ ਸੁਰਜੀਤ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਸਨਮੁੱਖ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਫੈਸਟੀਵਲ ਦੀ ਮੇਜ਼ਬਾਨੀ ਪੰਜਾਬ ਦੇ ਨਵੇਂ ਬਣੇ ਜ਼ਿਲ੍ਹਾ ਮਾਲੇਰਕੋਟਲਾ ਨੂੰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜੋ ਕਿ ਜ਼ਿਲ੍ਹਾ ਵਾਸੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।
ਜਮੀਲ ਉਰ ਰਹਿਮਾਨ ਨੇ ਦੱਸਿਆ ਕਿ 17 ਦਸੰਬਰ ਨੂੰ ਫ਼ੈਸਟੀਵਲ ਦੇ ਅੰਤਿਮ ਦਿਨ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਨਿਵੇਸ਼ ਪ੍ਰੋਤਸਾਹਨ, ਪ੍ਰਾਹੁਣਾਚਾਰੀ ਵਿਭਾਗ ਦੇ ਕੈਬਨਿਟ ਮੰਤਰੀ ਪੰਜਾਬ ਮੋਹਤਰਮਾ ਅਨਮੋਲ ਗਗਨ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਉਨ੍ਹਾਂ ਕਿਹਾ ਕਿ ਇਹ ਸੂਫ਼ੀ ਫ਼ੈਸਟੀਵਲ ” ਹਾਅ ਦਾ ਨਾਅਰਾ ” ਮਾਰਨ ਵਾਲੇ ਮਾਲੇਰਕੋਟਲਾ ਦੀ ਅਮੀਰ ਵਿਰਾਸਤ ਨੂੰ ਜਾਣਨ ਲਈ ਸਹਾਈ ਸਿੱਧ ਹੋਵੇਗਾ। ਲੋਕਲ ਘਰਾਣੇ ਦੀਆਂ ਗਾਇਨ ਸ਼ੈਲੀਆਂ, ਕੱਵਾਲੀਆਂ, ਸੂਫੀਆਨਾ ਕਲਾਮ, ਮੁਸ਼ਾਇਰੇ, ਜਸ਼ਨ ਸੂਫੀਆਨਾ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ। ਇਸ ਮੌਕੇ ਮਾਲੇਰਕੋਟਲਾ ਦੇ ਲੋਕਲ ਖਾਣ ਪੀਣ ਦਾ ਜ਼ਾਇਕਾ, ਸੂਫ਼ੀ ਲਿਟਰੇਚਰ ਦੀਆਂ ਕਿਤਾਬਾਂ ਦੀ ਪ੍ਰਦਰਸ਼ਨੀ, ਫੁੱਲ ਬੂਟਿਆਂ ਦੀਆਂ ਸਟਾਲਾਂ, ਚੂੜੀਆਂ ਦੀ ਦੁਕਾਨ, ਮਿੱਟੀ ਅਤੇ ਪਿੱਤਲ ਦੇ ਭਾਂਡੇ, ਲੋਹੇ ਦਾ ਸਮਾਨ (ਤਵੇ,ਕੜਾਹੀ, ਤਸਲੇ ਆਦਿ) ਪੰਜਾਬੀ ਜੁੱਤੀ, ਕਢਾਈ ਬੁਣਾਈ ਨਾਲ ਤਿਆਰ ਵਸਤਾਂ ਦੇ ਸਟਾਲ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਗੇ। ਇਸ ਮੌਕੇ ਰਵਿੰਦਰ ਰਵੀ ਦੀ ਮਾਲੇਰਕੋਟਲਾ ਨਾਲ ਸਬੰਧਤ ਫੋਟੋ ਪ੍ਰਦਰਸ਼ਨੀ ਵੀ ਲਗਾਈ ਗਈ।
ਸਮੂਹ ਨਿਵਾਸੀਆਂ, ਕਲਾ ਪ੍ਰੇਮੀਆਂ ਤੇ ਆਮ ਲੋਕਾਂ ਨੂੰ ਸੂਫ਼ੀ ਫ਼ੈਸਟੀਵਲ ਦਾ ਅਨੰਦ ਮਾਣਨ ਲਈ ਖੁੱਲ੍ਹਾ ਸੱਦਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਮਾਗਮ ਮੌਕੇ ਆਯੋਜਿਤ ਹੋਣ ਵਾਲੇ ਸਮਾਗਮਾਂ ਦੀ ਕੋਈ ਟਿਕਟ ਨਹੀਂ ਹੈ। ਇਹ ਸਮਾਗਮ ਰੋਜ਼ਾਨਾ ਸ਼ਾਮ 05.00 ਵਜੇ ਤੋਂ ਕਰਵਾਏ ਜਾਣਗੇ । ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰਤਾਂ ਦੇ ਬੈਠਣ ਦਾ ਅਲੱਗ ਪ੍ਰਬੰਧ ਵੀ ਕੀਤਾ ਗਿਆ ਹੈ।
“ਸੂਫ਼ੀ ਫ਼ੈਸਟੀਵਲ ਮਾਲੇਰਕੋਟਲਾ” ਦੀ ਮਜਲਿਸ ਦੀ ਤਫ਼ਸੀਲ ਸਾਂਝੀ ਕਰਦਿਆ ਉਹਨਾਂ ਕਿਹਾ ਕਿ ਸੂਫ਼ੀ ਗਾਇਕੀ ਸਾਡੇ ਦੇਸ਼ ਦੀ ਅਮੀਰ ਵਿਰਾਸਤ ਦਾ ਅਨਮੋਲ ਹਿੱਸਾ ਹੈ। ਇਸ ਸੂਫ਼ੀ ਫ਼ੈਸਟੀਵਲ ਵਿੱਚ ਦੇਸ਼, ਦੁਨੀਆ ਭਰ ਦੇ ਨਾਮਵਰ ਕਲਾਕਾਰਾਂ ਦੇ ਨਾਲ ਨਾਲ ਸਥਾਨਕ ਕਲਾਕਾਰ ਵੀ ਆਪਣੇ ਫ਼ਨ ਦੇ ਜੌਹਰ ਦਿਖਾਉਣਗੇ।